ਹਾਇਜਨ (ਹਾਇਕੂ ਕਵੀ) ਅਤੇ ਪਾਠਕ ਮਿੱਤਰੋ
ਆਪ ਜੀ ਨਾਲ ਇਕ ਬੜੀ ਮਹਤਵਪੂਰਣ ਅਤੇ ਪ੍ਰਸੰਨਤਾ ਵਾਲੀ ਸੂਚਨਾ ਸਾਂਝੀ ਕਰਨ ਜਾ ਰਿਹਾ ਹਾਂ। ਬੜੇ ਹੀ ਪ੍ਰਤਿਭਾ ਵਾਲੇ ਹਾਇਕੂ ਕਵੀ ਜਸਵਿੰਦਰ ਸਿੰਘ ਜੀ ਨੇ ਪੰਜਾਬੀ ਹਾਇਕੂ ਫੋਰਮ ਵਲੋਂ ਚਲਾਏ ਜਾਂਦੇ ਬਲਾਗ ਲਈ ਪੋਸਟ ਕੀਤੇ ਜਾਂਦੇ ਹਾਇਕੂ ਗੁਰਮੁਖੀ ਤੋਂ ਸ਼ਾਹਮੁਖੀ(ਉਰਦੂ) ਵਿਚ ਲਿਪੀਅੰਤਰ ਕਰਨ ਦੀ ਸੇਵਾ ਨਿਭਾਉਣ ਦੀ ਜਿਮੇਵਾਰੀ ਲਈ ਹੈ। ਜਸਵਿੰਦਰ ਸਿੰਘ ਜੀ ਦਾ ਜਨਮ ਜੂਨ 1968 ਨੂੰ, ਪਿੰਡ ਬੰਬੀਹਾ ਭਾਈ, ਜਿਲਾ ਫਰੀਦਕੋਟ ਵਿਖੇ ਅਗਨੀਹੋਤਰੀ ਬਰਾਹਮਣ ਪਰਿਵਾਰ ਵਿਚ ਹੋਇਆ। 1984 ਵਿਚ ਵਾਪਰੇ ਨੀਲਾ ਤਾਰਾ ਕਾਂਡ ਨੇ ਆਪ ਨੂੰ ਇੰਨਾ ਪ੍ਭਾਵਿਤ ਕੀਤਾ ਕਿ ਅਮ੍ਰਿਤ ਛਕ ਕੇ ਆਪ ਜੀ ਨੇ ਸਿੱਖ ਧਰਮ ਅਪਣਾ ਲਿਆ। ਗਿਆਨੀ ਕਰਤਾਰ ਸਿੰਘ ਮੋਗਾ ਤੋਂ ਮੁਢਲੀ ਕੀਰਤਨ ਦੀ ਸਿਖਲਾਈ ਹਾਸਲ ਕੀਤੀ, ਅਤੇ ਬਾਦ ਵਿਚ ਸੰਗੀਤ ਵਿਸ਼ਾਰਦ, ਪ੍ਰਚੀਨ ਕਲਾ ਕੇਂਦਰ ਚੰਡੀਗੜ੍ਹ ਤੋਂ ਬਾਕਾਇਦਾ ਸਿਖਿਆ। ਪੰਜਾਬੀ ਦੇ ਸੁਪ੍ਰਸਿੱਧ ਕਵੀ ਸੁਰਜੀਤ ਪਾਤਰ ਦੀ ਪ੍ਰੇਰਣਾ ਸਦਕਾ 2007 ਵਿਚ ਕਵਿਤਾਵਾਂ ਲਿਖਣੀਆਂ ਸ਼ੁਰੁ ਕੀਤੀਆਂ,ਜਿਹੜੀਆਂ ਪੰਜਾਬੀ ਦੇ ਕਈ ਇੰਟਰਨੈਟ ਬਲਾਗਾਂ ‘ਤੇ ਪੋਸਟ ਹੁੰਦੀਆਂ ਰਹਿੰਦੀਆਂ ਹਨ। ਹਾਲੇ ਪੁਸਤਕ ਰੂਪ ਵਿਚ ਨਹੀਂ ਛਪੀਆਂ। ਆਪਣੀ ਲਗਨ ਸਦਕਾ ਰੀਟਾਇਰਡ ਹੈਡਮਾਸਟਰ ਤਿਰਲੋਕ ਸਿੰਘ ਮਾਂਟਰਿਆਲ ਤੋਂ ਉਰਦੂ ਸਿਖਿਆ। ਆਪ ਜੀ ਕਿੱਤੇ ਵਜੋਂ ਇਸ ਸਮੇਂ ਗੁਰ ਸਿੱਖ ਸੋਸਾਇਟੀ, ਗਰੈਂਡ ਪਰੇਰੀ, ਅਲਬਰਟਾ, ਕੈਨੇਡਾ ਵਿਚ ਕੀਰਤਨ ਦੀ ਸੇਵਾ ਕਰਦੇ ਹਨ। ਅਮਰਜੀਤ ਸਾਥੀ ਦਾ ਹਾਇਕੂ ਸੰਗ੍ਰਿਹ ‘ਨਿਮਖ’ ਪੜ੍ਹ ਕੇ ਹਾਇਕੂ ਕਾਵਿਤਾ ਲਿਖਣ ਦਾ ਉਤਸ਼ਾਹ ਮਿਲਿਆ। ਆਪ ਜੀ ਦੇ ਹਾਇਕੂ ਅਤੇ ਹਾਇਗਾ ‘ਹਾਇਕੂ ਪੰਜਾਬੀ ਬਲਾਗ’ ‘ਤੇ ਅਕਸਰ ਪੋਸਟ ਹੁੰਦੇ ਰਹਿੰਦੇ ਹਨ, ਜਿਹੜੇ ਪਾਠਕਾਂ ਵਲੋਂ ਬੜੇ ਸਲਾਹੇ ਜਾਂਦੇਹਨ। ਇਹਨਾਂ ਵਲੋਂ ਦਿੱਤੀਆਂ ਜਾਂਦੀਆਂ ਕਾਵਿ ਟਿੱਪਣੀਆਂ ਵੀ ਉੱਚ ਦਰਜੇ ਦੀਆਂ ਹੁੰਦੀਆਂ ਹਨ।
ਗੁਰਮੀਤ ਸੰਧੂ