ਛੱਬੀ ਜਨਵਰੀ-
ਧੁੱਪੇ ਬੈਠਾ ਸੇਕੇ
ਸੰਤਾਲੀ ਦੀਆਂ ਸੱਟਾਂ
——-
ਪਰਦੇਸੀ ਪੁੱਤ ਦਾ ਬੇਟਾ-
ਦਾਦੀ ਬੁੱਕਲ ਵਿੱਚ ਲੁਕੋਵੇ
ਕਾਗਜ਼ ਦਾ ਜਹਾਜ਼
————
ਦੂਰ ਪਹਾੜੀ ਮੀਂਹ-
ਵਗਦਾ ਵਿੱਚ ਨਦੀ
ਮਿੱਟੀ ਰੰਗਾ ਪਾਣੀ
———-
ਦੂਰ ਪਹਾੜੀ ਵਾਰਿਸ਼ –
ਵਗਦੀ ਨਦੀ ´ਚ ਘੁਲਦੀ ਜਾਂਦੀ
ਮਿੱਟੀ ਦੀ ਖੁਸ਼ਬੋ
———–
ਮੈਂ ਆਮ ਤੌਰ ਤੇ ਹੱਥਾਂ ਨਾਲ ਸੋਚਦਾ ਹਾਂ, ਸੋਚਿਆ ਤਾਂ ਪੈਰਾਂ ਨਾਲ ਵੀ ਜਾਂਦਾ ਹੈ !
ਇੱਕ ਵਾਰ ਪਹਿਲੇ ਵੀ ਮੈਂ ਤੁਰਿਆ ਜਾਂਦਾ-ਜਾਂਦਾ ਤ੍ਰਬਕ ਕੇ ਰੁਕ ਗਿਆ ਸਾਂ ਤੇ ਉਸੇ ਤਰਾਂ ਮੇਰੇ ਨਾਲ ਅੱਜ ਹੋਇਆ ਹੈ। ਪਹਿਲੀ ਵਾਰੀ ਜਦ ਤ੍ਰਬਕ ਕੇ ਰੁਕਿਆ ਸਾਂ ਤਾਂ ਉਦੋਂ ਮੈਂ ਬੰਬੇ ਘੁਮ ਫਿਰ ਰਿਹਾ ਸਾਂ। ਇਹ ਗੱਲ 1991 ਦੀ ਹੈ ਤੇ ਰੁਕਣ ਦਾ ਕਾਰਣ ਇੱਕ ਸਾਈਨ ਬੋਰਡ ਦਾ ਨਜ਼ਰੀਂ ਪੈਣਾ ਸੀ। ਬੋਰਡ ਤੇ ਲਿਖਿਆ ਹੋਇਆ ਸੀ ” NRK “. “ਐਨ . ਆਰ. ਕੇ.” ਨਾਰਵੇ ਦੇ ਦੂਰਦਰਸ਼ਨ ਦਾ ਲੋਗੋ ਹੈ। ਜਦ ਮੈਂ ਲਾਗੇ ਜਾ ਕੇ ਪੜਿਆ ਤੇ ਪਤਾ ਚੱਲਿਆ ਕੇ ਇਹ ਭਾਰਤੀ ” ਨੈਸ਼ਨਲ ਚੂਹੇ ਮਾਰ ” ਸੰਸਥਾ ਦਾ ਲੋਗੋ ਹੈ। ਬਾਦ ਵਿੱਚ ਮੈਂ ਕਈ ਦਿਨ ਆਪੇ ਹੱਸ-ਹੱਸ ਦੋਹਰਾ ਹੁੰਦਾ ਰਿਹਾ।
ਅੱਜ ਵੀ ਉਸੇ ਤਰਾਂ ਹੀ ਹੋਇਆ,ਇੱਕ ਸਾਈਨ ਬੋਰਡ ਤੇ ਇਕੱਲਾ ( PB) ਲਿਖਿਆ ਪੜ੍ਹ ਕੇ। ਹਾਸੀ ਤੇ ਨਹੀਂ ਆਈ ਪਰ ਪੁਰਾਣੇ ਵਤਨ ਦੀਆਂ ਯਾਦਾਂ ਦੀ ਪਟਾਰੀ ਜਰੂਰ ਖੁੱਲ ਗਈ।
ਪੀਤਸਾ ਬੇਕਰ-
ਖਲੇਰ ਰਿਹਾ
ਵਤਨ ਦੀ ਮਹਿਕ
——–
ਛੜੇ ਦਾ ਠਾਕਾ-
ਵੰਡੇ ਲੱਡੂ ਲਾ
ਪਿੰਡ ਵਿੱਚ ਨਾਕਾ
———-
ਧੁੱਖਦੀ ਰੇਣ-
ਉਸ ਛਿਟੀ ਨਾਲ ਛੇੜੀ
ਹੱਡ ਬੀਤੀ
ਅੱਜ ਮੌਸਮ ਸਾਫ਼ ਹੈ, ਸਾਡੇ ਸ਼ਹਿਰ। ਛੁੱਟੀ ਹੋਵੇ, ਸੋਹਣਾ ਮੌਸਮ ਹੋਵੇ, ਫੇਰ ਮੈਂ ਤੇ ਮੇਰੀ ਬੇਗਮ ਸਾਹਿਬਾ ਅਕਸਰ ਸੈਰ ਲਈ ਨਿੱਕਲ ਤੁਰਦੇ ਹਾਂ। ਸਾਡੇ ਘਰ ਤੋਂ ਸਾਨੂੰ ਬਹੁਤਾ ਦੂਰ ਨਹੀਂ ਜਾਣਾ ਪੈਂਦਾ,ਪੈਦਲ ਸੈਰ ਕਰਨ ਲਈ। ਚਾਹਨਾ ਵੀ ਸਾਡੀ ਹਮੇਸ਼ਾ ਇਹੀ ਰਹੀ ਹੈ ਕੇ ਹਵਾ-ਖੋਰੀ ਕਰਨੀ ਹੈ ਤਾਂ ਸ਼ਹਿਰੋਂ ਬਾਹਰ। ਉੱਥੇ ਤੁਹਾਨੂੰ ਸ਼ਾਂਤੀ ਹੀ ਨਹੀਂ ਸਗੋਂ ਸ਼ੁਧ੍ਧ ਵਾਤਾਵਰਨ ਵੀ ਮਿਲਦਾ ਹੈ। ਬਸ ਦਸ ਕੁ ਮਿੰਟ ਦੀ ਕਾਰ ਚਲਾਈ ਤੋਂ ਬਾਦ ਅਸੀਂ ਪਹਾੜੀ ਜੰਗਲ ´ਚ ਪਹੁੰਚ ਜਾਂਦੇ ਹਾਂ ਜੋ ਸਾਡੇ ਸ਼ਹਿਰ ਦੇ ਆਲੇ ਦੁਆਲੇ ਪੱਸਰਿਆ ਹੋਇਆ ਹੈ। ਹੁਣ ਨਿੱਕਲੀ ਧੁੱਪ ਜਦ ਰੂੰ ਵਰਗੀ ਚਿੱਟੀ ਬਰਫ਼ ਤੇ ਪੈ ਰਹੀ ਹੈ ਤੇ ਅੱਖਾਂ ਚੁੰਧਿਆ ਰਹੀਆਂ ਹਨ। ਕਾਹਲੀ ਕਾਹਲੀ ਤੁਰਦਿਆਂ ਪਸੀਨਾਂ ਤਾਂ ਆ ਰਿਹਾ ਹੈ ਪਰ ਜਿੱਥੇ ਕਿਤੇ ਛੋਟੀ ਪਹਾੜੀ ਜਾਂ ਦਰਖਤਾਂ ਦੀ ਛਾਂ ਆਉਂਦੀ ਹੈ ਉੱਥੇ ਠੰਡ ਮਹਿਸੂਸ ਹੁੰਦੀ ਹੈ। ਇਹ ਰਸਤਾ ਜਿਹੜਾ ਅਸੀਂ ਅੱਜ ਸੈਰ ਲਈ ਮਿਥਿਆ ਹੈ, ਵਲ ਖਾਂਦਾ ਉੱਚਾ ਨੀਵਾਂ ਹੁੰਦਾ ਉੱਚੇ ਪਹਾੜ ਵੱਲੀਂ ਜਾਂਦਾ ਹੈ। ਬਹੁਤੀ ਬਰਫ਼ ਪਈ ਹੋਣ ਕਰਕੇ ਪਹਾੜੀ ਦੀ ਚੋਟੀ ਤੇ ਤਾਂ ਜਾਣਾ ਮੁਸ਼ਕਲ ਹ। ਜਿੱਥੇ ਤੱਕ ਪੈਰੀਂ ਜਾਇਆ ਜਾ ਸਕਦਾ ਹੈ ਉਹ ਘੰਟੇ ਦਾ ਰਾਹ ਹੈ। ਵੈਸੇ ਕੜਾਕੇ ਦੀ ਠੰਡ ´ਚ ਬਰਫ਼ ਤੇ ਤੁਰਨ ਦਾ ਆਪਣਾ ਹੀ ਲੁਤਫ ਹੈ ਜਿਸਨੂੰ ਬਿਆਨਿਆ ਨਹੀਂ ਸਿਰਫ ਮਾਣਿਆ ਹੀ ਜਾ ਸਕਦਾ ਹੈ। ਤੁਰਦੇ ਪੈਰਾਂ ਚੋਂ ਆਉਂਦੀ ਕੜਕ-ਕੜਕ ਦੀ ਆਵਾਜ ਤੁਹਾਨੂੰ ਨਸ਼ੇ ਜਿੰਨਾ ਸਰੂਰ ਦਿੰਦੀ ਹੋਈ ਕੁਦਰਤ ਨਾਲ ਇੱਕਮਿੱਕ ਕਰਦੀ ਜਾਂਦੀ ਹੈ। ਰਸਤੇ ਵਿੱਚ ਦੇਖਦਾ ਹਾਂ ਕੇ ਧੁੱਪ ਦੀ ਗਰਮਾਇਸ਼ ਨੇ ਇੱਕ ਜਗਾ ਬਰਫ਼ ਨੂੰ ਖੋਰ ਪਾਣੀ ਦਾ ਇੱਕ ਛੋਟਾ ਟੋਆ ਬਣਾ ਛੱਡਿਆ ਹੈ।
ਨੀਲਾ ਅਸਮਾਨ
ਬਰਫ਼ ´ਤੇ ਤੁਰਿਆ ਆਵੇ ਭਿੱਜਿਆ
ਉਸਦਾ ਪਰਛਾਵਾਂ
ਪਿਛਲੇ ਪੰਜ ਕੁ ਸਾਲਾਂ ਤੋਂ ਮੈਂ ਆਪਣੇ ਸਟੂਡੀਓ ਹਰ ਰੋਜ਼ ਸਾਈਕਲ ਤੇ ਆਉਂਦਾ ਜਾਂਦਾ ਹਾਂI ਮੇਰਾ ਸਟੂਡੀਓ ਮੇਰੇ ਘਰ ਤੋਂ ਦਸ ਕਿਲੋਮੀਟਰ ਦੀ ਦੂਰੀ ਤੇ ਹੈ I ਜਿਸ ਦਿਨ ਠੰਡ -10 ਹੋਵੇ ਤੇ ਤਦ ਹੀ ਕਾਰ ਦੀ ਵਰਤੋਂ ਕਰਦਾ ਹਾਂ I ਅਗਲੇ ਮਹੀਨੇ ਜਾਣੀਕੇ ਅਪ੍ਰੈਲ ਦੇ ਅਧ੍ਧ ਚ ਜਾ ਕੇ ਬਰਫ਼ ਖੁਰਨੀ ਸ਼ੁਰੂ ਹੋ ਜਾਏਗੀ ਤੇ ਨਾਲ ਹੀ ਬਸੰਤ ਦੀ ਆਮਦ I ਬਸੰਤ ਦਾ ਮੌਸਮ ਇਥੇ ਨਾਰਵੇ ਲੋਕਾਂ ਨੂੰ ਅੱਠਾਂ ਮਹੀਨਿਆਂ ਦੇ ਹਨੇਰੇ ਤੋਂ ਕੁਝ੍ਝ ਸੁੱਖ ਦਾ ਸਾਹ ਦਵਾਉਂਦਾ ਹੈI
ਹੁਣ ਮਾਰਚ ਦਾ ਅਧ੍ਧ ਟੱਪ ਚੁੱਕਾ ਹੈI ਸ਼ਾਮ ਦੇ ਅਸਮਾਨੀ ਨਜਾਰੇ ਸਿਰਫ ਦੇਖਣ ਵਾਲੇ ਹੀ ਨਹੀਂ ਹੁੰਦੇ ਸਗੋਂ ਲੋਕ ਇੰਨਾਂ ਨੂੰ ਆਪਣੇ ਅੰਦਰ ਸਮੋ ਲੈਂਦੇ ਹਨ, ਆਉਣ ਵਾਲੇ ਲੰਬੇ ਹਨੇਰੇ ਨਾਲ ਨਜਿੱਠਣ ਲਈ I ਮੈਂ ਆਪਣੇ ਸਾਈਕਲ ਤੇ ਘਰ ਨੂੰ ਆ ਰਿਹਾ ਹਾਂ, ਸ਼ਾਮ ਦਾ ਵੇਲਾ ਹੈ ਪਹਾੜੀ ਦੇ ਪਿੱਛੇ ਨਾਰਵੀਜਨੀ ਅਸਮਾਨ ਤੇ ਮੂਹਰੇ ਵਗਦੀ ਸ਼ਹਿਰ ਦੀ ਨਦੀ…..
ਸ਼ਾਮ ਵੇਲਾ-
ਨਦੀ ´ਚ ਵਗਦੇ ਜਾਵਣ
ਅਕਾਸ਼ੀ ਰੰਗ
——–
ਤੇਈ ਮਾਰਚ-
ਹੱਸਦਾ ਘੋੜੀ ਚੜ੍ਹਿਆ
ਇੱਕ ਲਾੜਾ
———
ਜੁਤਾ ਖੂਹ-
ਟਿੰਡਾਂ ਭਰ ਲਿਆਵਣ
ਕੁੱਤੇ ਦੀ ਟਕ ਟਕ
ਨਿਰਮਲ ਸਿੰਘ ਧੌਂਸੀ