ਟੈਗ

ਹਾਇਬਨ

ਨਾਨੀ

ਬਚਪਨ ਵਿੱਚ ਇਕ ਦੋ ਵਾਰ ਹੀ ਨਾਨੀ ਦੇ ਦਰਸ਼ਨ ਹੋਏ ਸੀ। ਅਣਗਿਣਤ ਝੁਰੜੀਆਂ ਵਾਲਾ ਚਿਹਰਾ ਖੁਰਦਲੇ ਹੱਥਾਂ ਨਾਲ ਸਾਨੂੰ ਭੈਣ ਭਰਾਵਾਂ ਨੁੰ ਪਿਆਰ ਦਿੰਦੀ ਨੇ ਮਾਂ ਨੂੰ ਕਿਹਾ, ‘ਮਹਿੰਤੋ ਜਵਾਕਾਂ ਨੂੰ ਜ਼ਰੂਰ ਪੜ੍ਹਾ ਦੇਵੀਂ ਆਪੇ ਕਿਤੇ ਕੰਮ ਧੰਦੇ ਲੱਗ ਜਾਣਗੇ’. ਚੰਗਾ ਬੀਬੀ ਹੁਣ ਬਸ ਕਰ ਤੂੰ ਕਿਹੜਾ ਕਿਤੇ ਜਾਣਾ ਹੈ।

ਅੰਮੜੀ ਦੀ ਅੱਖ ਨਮ . . .
ਪਪੂਲਰ ਦੀ ਟੀਸੀ ਤੋਂ ਡਿੱਗਾ
ਜ਼ਰਦ ਪੱਤਾ

ਪੱਚੀ ਸਾਲਾਂ ਬਾਅਦ ਅੱਜ ਦਰੀਆਂ ਖੇਸ ਕੱਢਦਿਆਂ ਛੋਟੀ ਭੈਣ ਦੇ ਹੱਥੀਂ ਇਕ ਬਹੁਤ ਪੁਰਾਣੀ ਅਖ਼ਬਾਰ ਲੱਗੀ। ਤਹਿਆਂ ਖੋਲ੍ਹੀ ਬਾਹਰ ਮੰਜੀਆਂ ਕੋਲ਼ ਆਕੇ ਬੋਲੀ ਮੰਮੀ ਨਾਨੀ ਦੀ ਪੁਰਾਣੀ ਫੋਟੋ, ਮਾਂ ਹੱਥਾਂ ‘ਚ ਫੜਦੀ ਬੋਲੀ ਉਹ ਹੀ ਮੁਸਕਾਨ, ਉਹੀ ਅੱਖਾਂ, ਉਹੀ ਨੱਕ, ਉਹੀ ਬੁੱਲ੍ਹ…. ਤੇ ਮਾਂ ਦੀਆਂ ਅੱਖਾਂ ਵਿੱਚ ਨਮੀ ਆ ਗਈ।

ਸਭ ਵੇਖਣ ਲੱਗੇ
ਤਹਿਆਂ ਦੀ ਪਰਤ ਅੰਦਰ –
ਪੁੰਨਿਆ ਦਾ ਚੰਨ

ਗੁਰਵਿੰਦਰ ਸਿੰਘ ਸਿਧੂ