“ਚੱਲ ਭੂਆ ਦਾ ਸਮਾਨ ਗੇਸਟ ਰੂਮ ‘ਚ ਰਖ ਦੇ,” ਇਹੀ ਕਹਿ ਕੇ ਭਰਜਾਈ ਨੇ ਮੇਰੇ ਗੱਲ ਲੱਗ ਮਿਲਦੇ ਭਤੀਜੇ ਨੂੰ ਵਾਹਵਾ ਆਹਰੇ ਲਾ ਦਿੱਤਾ, ਜੱਦ ਕਿ ਅਜੇ ਮੈਂ ਰੱਜ ਕੇ ਉਸਨੂੰ ਵੇਖਿਆ ਵੀ ਨਹੀਂ। “ਕਮਾਲ ਹੈ, ਮੇਰੇ ਹੀ ਮਾਂ ਪਿਓ ਦੇ ਘਰ ਮੈਂ ਮਹਿਮਾਨ ਕੱਦ ਤੋਂ ਹੋ ਗਈ”, ਬੜਾ ਓਪਰਾ ਲੱਗਿਆ ਪਲ ਭਰ ਵਾਸਤੇ, ਪਰ ਕੁਝ ਓਪਚਾਰਿਕ ਗੱਲ ਬਾਤ ਅਤੇ ਚਾਹ ਦੇ ਘੁੱਟਾਂ ਨਾਲ ਮੈਂ ਅੰਦਰ ਖਾਤੇ ਇਹ ਸਚਾਈ ਹਲਕ ਤੋਂ ਹੇਠਾਂ ਲਾਹ ਲਈ ਕਿ ਠੀਕ ਹੀ ਤਾਂ ਕਿਹਾ ਹੈ ਭਾਬੀ ਨੇ, ਮੈਂ ਤਾਂ ਹਫਤਾ ਦੱਸ ਦਿਨ ਰਹਿ ਕੇ ਵਾਪਸ ਤੁਰ ਜਾਣਾ ਹੈ। ਸੱਤਾਂ ਵਰਿਆਂ ਬਾਦ ਮੈਂ ਪੇਕੇ ਆਈ, ਸਭ ਕੁਝ ਬਦਲ ਗਿਆ ਸੀ, ਮੇਰੀਆਂ ਕਿਤਾਬਾਂ ਹੁਣ ਘਰ ਦੇ ਹਰ ਖੁੰਜੇ ‘ਚ ਨਹੀਂ ਖਿੱਲਰੀਆਂ ਪਈਆਂ, ਨਾਂ ਹੀ ਮੇਰੀ ਦੱਸਵੀਂ ਜਮਾਤ ਦੀ ਅਵਾਰਡ ਲੈਂਦੀ ਦੀ ਤਸਵੀਰ ਬੈਠਕ ਦਿਸੇ, ਜੱਦ ਮੈਂ ਅੰਗਰੇਜ਼ੀ ਵਿਚ ਰਾਜਸੀ ਪੱਧਰ ਤੇ ਪਹਿਲੇ ਦਰਜੇ ‘ਤੇ ਆਈ ਸਾਂ, ਜੋ ਅਸਲ ਵਿਚ ਮੇਰੇ ਸਵਰਗਵਾਸੀ ਪਿਤਾ ਜੀ ਦੀ ਅਣਥੱਕ ਮਹਿਨਤ ਦਾ ਨਤੀਜਾ ਸੀ, ਬਹੁਤ ਵਾਹ ਲਾਉਂਦੇ ਰਹੇ ਮੇਰੀ ਪੜਾਈ ਲਿਖਾਈ ‘ਤੇ। ਸਾਨੂੰ ਤਿੰਨਾ ਭੈਣ ਭਰਾਵਾਂ ਨੂੰ ਮਾਂ ਬਾਪ ਬਣ ਕੇ ਹੀ ਪਾਲਿਆ ਸੀ ਉਹਨਾਂ ਨੇ…

ਮਾਂ ਤਾਂ ਵਿਚਾਰੀ ਕਦੀਂ ਵੀ ਨਹੀਂ ਸੀ, ਜਿਆਦਾ ਹੀ ਕਾਹਲੀ ਕਰ ਗਈ, ਜੇ ਹੁੰਦੀ ਤਾਂ ਮੇਰੇ ਹਥ੍ਹੋੰ ਮੋਈ ਮੱਖੀ ਨੂੰ ਵੀ ਸਾਂਭ ਸਾਂਭ ਰਖਦੀ! ਹਾਂ ਪਰ ਮਾਂ ਦੀਆਂ ਵਸਤਾਂ ਬਹੁਤ ਸਨ! ਉਸਦੇ ਤੁਰ ਜਾਨ ਮਗਰੋਂ ਵੀ ਉਹਨਾਂ ਚੀਜ਼ਾਂ ਨੂੰ ਦੇਖ ਟੋਹ ਕੇ ਹੀ ਉਸਨੂੰ ਮਹਿਸੂਸ ਕਰ ਕੇ ਜਿਓਣਾ ਮੈਂ ਨਿੱਕੀ ਉਮਰੇ ਸਿਖ ਲਿਆ। ਅੱਜ ਨਜਰ ਮਾਰ ਕੇ ਦੇਖਿਆ ਤਾਂ ਉਸ ਘਰ ਵਿਚ ਮਾਂ ਦੇ ਨਾਲ ਜੁੜੀ ਇੱਕ ਵੀ ਵਸਤ ਨਾਂ ਦਿਖੀ, ਸਿਵਾਏ ਇੱਕ ਸ਼ਾਲ, ਨਿੱਕੀ ਜਿਹੀ ਪਿੱਤਲ ਦੀ ਪਰਾਤ, ਇੱਕ ਵੇਲਣਾ ਤੇ ਵਰਿਆਂ ਪੁਰਾਣੀ ਉਸਦੀ ਸੁਰਮੇਦਾਨੀ। ਦਿਲ ਚੰਗੀ ਤਰਾਂ ਜਾਣਦਾ ਸੀ ਕਿ ਇਸ ਘਰ ਨੂੰ ਇਹਨਾ ਵਸਤਾਂ ਦੀ ਕੋਈ ਖਾਸੀ ਲੋੜ ਨਹੀਂ ਹੈ। ਮੌਕਾ ਲੱਗਦਿਆਂ ਹੀ ਵੀਰ ‘ਤੇ ਭਾਬੀ ਅੱਗੇ ਫਰਮਾਇਸ਼ ਰਖ ਦਿੱਤੀ ਕਿ ਜੇ ਬੁਰਾ ਨਾਂ ਲੱਗੇ ਤਾਂ ਮੈਂ ਲੈ ਜਾਵਾਂ ਇਹ ਸਭ ਆਪਨੇ ਨਾਲ। “ਜੀ ਸਦਕੇ”… ਬੱਸ ਮੈਂ ਇੰਨਾਂ ਹੀ ਸੁਣਿਆ, ਜਾਂ ਸੁਣਨਾ ਚਾਹਿਆ! “ਭਲਾ ਤੂੰ ਕੀ ਕਰਨੀਆਂ ਇਹ ਪੁਰਾਣੀਆਂ ਚੀਜ਼ਾਂ ਤੇਰੇ ਉੱਤੇ ਸੁਖ੍ਹ ਨਾਲ ਵਾਹਿਗੁਰੂ ਦੀ ਬਹੁਤ ਕਿਰਪਾ”… ਇਹ ਸਭ ਮੈਂ ਸੁਣ ਕੇ ਵੀ ਨਹੀਂ ਸੁਣਿਆ। ਝੱਟ ਅਟੈਚੀ ਵਿਚ ਸਾਂਭ ਲਈਆਂ! ਮਾਂ ਦੀ ਨਿੱਕ ਸੁੱਕ ਮੇਰੇ ਨਾਲ ਤੁਰ ਪਈ… ਲੱਗਾ ਜਿਵੇਂ ਮਾਂ ਆਪ ਹੀ ਨਾਲ ਹੋਵੇ। ਵਾਪਸੀ ਵੇਲੇ ਜਹਾਜ ਚੜਦਿਆਂ ਵੀ ਸੋਚ ਮਾਂ ਦੀ ਨਿੱਕ ਸੁੱਕ ਵਿਚ ਹੀ ਰਹੀ। ਆਪ ਹੁੰਦੀ ਤਾਂ ਪੇਕਿਓਂ ਮੈਨੂੰ ਵਾਪਸ ਤੋਰਨ ਲੱਗੀ ਕਈ ਮਿਰਚਾਂ ਵਾਰਦੀ, ਕਈ ਓਪਚਾਰ ਤੇ ਲਾਡ ਕਰਦੀ, ਖੈਰ ਕੋਈ ਨਾਂ! ਸੋਚ ਲਿਆ ਕਿ ਕਨੇਡਾ ਵਾਪਿਸ ਜਾ ਕੇ ਹੁਣ ਤੋਂ ਮਾਂ ਦੀ ਪਰਾਤ ਵਿਚ ਹੀ ਆਟਾ ਗੁਣਾਂਗੀ, ਨਵੇਂ ਸਿਰਿਓਂ ਦਿਲ ਕੀਤਾ ਕਿ ਮਾਂ ਵਾਂਗ ਹੀ ਸੂਰਮਾ ਪਾਇਆ ਕਰਾਂਗੀ… ਧੁਰ ਅਸਮਾਨੋ ਦੇਖ ਮੇਰੀ ਨਜ਼ਰ ਉਤਰੇਗੀ ਜਰੂਰ! ਜਹਾਜ ਦੀ ਤਾਕੀ ਤੋਂ ਬਾਹਰ ਨਜਰ ਮਾਰੀ, ਕਾਲੇ ਸਿਆਹ ਬੱਦਲ ਹੀ ਬੱਦਲ, ਸ਼ਾਇਦ ਵਰਣ ਨੂੰ ਭਾਲਦੇ ਨੇ…

ਬਦਲਵਾਈ . . .
ਜੰਗਾਲੀ ਸੁਰਮੇਦਾਨੀ ‘ਤੇ ਮਾਂ ਦੀਆਂ
ਉਂਗਲਾਂ ਦੀ ਝਾਲ

ਅਨੂਪ ਬਾਬਰਾ