ਪਿੰਡੋ ਜਦ ਵੀ ਖੂਹ ( ਡੇਰੇ ) ਨੂੰ ਜਾਣਾ ਰਸਤੇ ਚ ਅਮਰੂਦਾਂ ਵਾਲਾ ਘਰ ਆਉਂਦਾ ਸੀ.. .ਵੇਹਿੜੇ ਦੀ ਚਾਰ ਦੀਵਾਰੀ ਏਡੀ ਕੁ ਕਿ ਮੰਜੇ ਤੇ ਬੈਠੇ ਬੰਦੇ ਦਾ ਸਿਰ ਦਿਸ ਪੈਣਾ…ਤੇ ਓਹ ਵੀ ਕਈ ਥਾਵਾਂ ਤੋਂ ਢਠੀ ਹੋਈ ..ਚੋਰੀ ਤੋੜਨ ਦਾ ਦਾਅ ਨਾ ਲਗਣਾ..ਭਾਬੀ ਦਾ ਮੰਜਾ ਸਦਾ ਅਮਰੂਦਾਂ ਥੱਲੇ ..ਭਾਬੀ ਸੀ ਤੇ ਸਾਡੀ ਮਾਂ ਦੀ ਹਾਨਣ ਪਰ ਸਾਡੀ ਪੀੜੀ ਉਚੀ ਹੋਣ ਕਰਕੇ ਡੈਡ ਦੇ ਹਾਣੀ -ਪ੍ਰਵਾਣੀ ਮੇਰੇ ਭਰਾ ਹੀ ਲਗਦੇ ਸੀ ..ਇਕ ਦਿਨ ਭਾਬੀ ਬੀਮਾਰ ਹੋ ਤੇ ਗਈ ਸਾਰਾ ਟੱਬਰ ਹਸਪਤਾਲ …ਸਾਨੂੰ ਤੇ ਚਾਹ ਚੜ ਗਿਆ. .

ਇਕ ਲੰਮੀ ਜਿਹੀ ਤੇ ਪਤਲੀ ਜਿਹੀ ਕੁੜੀ ਹੁੰਦੀ ਸੀ .. ਉਸ ਜਦ ਵੀ ਰਾਹ ਗਲੀ ਟਕਰਨਾ ਦਿਲ ਦੀ ਧੜਕਨ ਵਧ ਜਾਣੀ ..ਸੋਹਣੀ ਬਹੁਤ ਸੀ.. ਤੇ ਲਗਦੀ ਵੀ ਮੈਨੂੰ ਬਹੁਤ ਸੋਹਣੀ ਸੀ ..ਓਹ ਤੇ ਸ਼ਰਮਾਕਲ ਹੈ ਹੀ ਸੀ ਤੇ ਹੌਸਲਾ ਮੇਰੇ ਵਿਚ ਵੀ ਏਨਾ ਨਹੀ ਸੀ ਕੇ ਓਸਨੂੰ ਬੁਲਾ ਵੀ ਲੈਂਦਾ..ਦੂਰੋਂ ਤੇ ਇਕ ਦੂਜੇ ਨੂੰ ਵੇਖਦੇ ਰਹਿਣਾ ਜਦ ਲਾਗੇ ਆਉਣਾ ਤੇ ਨੀਵੀਂ ਪਾ ਕੇ ਲੰਘ ਜਾਣਾ ..ਇਹ ਸਿਲਸਲਾ ਚਿਰਾਂ ਦਾ ਚਲਦਾ ਸੀ …ਖੈਰ ..ਭਾਦੋਂ ਦਾ ਸ਼ਰਾਟਾ ਪੈ ਕੇ ਹਟਿਆ ਤੇ ਹੁਮਸ ਜਿਹੇ ਵਿਚ ਮੈ ਭਾਬੀ ਦੇ ਘਰ ਵੱਲ ਭਜਿਆ ..ਜਦ ਅਮਰੂਦਾਂ ਵਾਲੇ ਵੇਹਿੜੇ ਪਹੁੰਚਿਆ ਸਾਹਮਣੇ ਓਹੀ ਸੋਹਣੀ ..ਮੇਰੇ ਪੈਰ ਠਿਠਕ ਗਏ …ਛਾਤੀ ਚ ਦਿਲ ਇੰਜ ਉਛਲੇ ਜਿਵੇਂ ਬਾਹਰ ਡਿੱਗ ਪੈਣਾ ..ਉਸ ਨਜ਼ਰ ਮਿਲਾ ਕੇ ਹਲਕੀ ਮੁਸਕਰਾਹਟ ਨਾਲ ਨੀਵੀ ਪਾ ਲਈ—

ਝੁਕੀਆਂ ਪਲਕਾਂ
ਚੁਨੀ ਵਿਚ ਬਨ੍ਹੇ ਅਮਰੂਦ
ਲੁਕੋਵੇ ਮੁੜ੍ਹਕਾ

ਸਾਬੀ ਨਾਹਲ