Haibun:::
ਤਾਇਆ ਜਾਗਰ ਸਿਉਂ ਕਬਜ ਨਾਲ ਅਕਸਰ ਤੰਗ ਰਹਿੰਦਾ ਸੀ ਅਤੇ ਉਹ ਛੜਾ ਹੋਣ ਕਰਕੇ ਆਪਣੀ ਇਹ ਤਕਲੀਫ਼ ਹਰ ਕਿਸੇ ਨੂੰ ਨਾ ਦਸਦਾ | ਆਵਦੇ ਭਤੀਜਿਆਂ ਨੂੰ ਡਾਹਡਾ ਮੋਹ ਕਰਦਾ | ਕਦੇ ਕਦੇ ਉਹ ਮੱਦਦ ਮੰਗਦਾ, “ਓਏ ਮੁੰਡਿਆ … ਕੱਢ ਸ਼ਕੂਟਰ ਤੇ ਲੈ ਚੱਲ ਮੈਨੂੰ ਛਿੰਦੇ ਡਾਕਟਰ ਕੋਲ… ਮੈਂ ਬੜਾ ਤੰਗ ਆਂ” … ਅਤੇ ਟੱਬਰ ‘ਚੋਂ ਕੋਈ ਨਾ ਕੋਈ ਉਸਨੂੰ ਡਾਕਟਰ ਦੇ ਲੈ ਜਾਂਦਾ ਤਾਂ ਉਹ ਲੱਖਾਂ ਅਸੀਸਾਂ ਦਿੰਦਾ ! ਪਰ ਉਹ ਦਵਾਈਆਂ ਖਾ ਕੇ ਖੁਸ਼ ਨਹੀਂ ਸੀ …. ਉਹਨਾਂ ਨੂੰ ਕਦੇ ਕਦਾਈਂ ਚਾਰ ਛਿੱਲੜ ਦੇ ਕੇ ਦੇਸੀ ਦਾਰੂ ਲੈਣ ਭੇਜਦਾ… ਆਪ ਵੀ ਦੋ-ਤਿੰਨ ਹਾੜੇ ਲਾਉਂਦਾ ਅਤੇ ਛਿੱਟ ਛਿੱਟ ਮੁੰਡਿਆਂ ਨੂੰ ਵੀ ਲਵਾ ਛੱਡਦਾ… ਅਸਲ ‘ਚ ਇਹ ਹੀ ਉਸਦੀ ਬਿਮਾਰੀ ਦਾ ਸੌਖਾ ਇਲਾਜ ਸੀ | ਐਸਾ ਘੱਟੋ ਘੱਟ ਉਹ ਦਿਨ-ਦਿਹਾਰ, ਵਿਸਾਖੀ, ਲੋਹੜੀ , ਦੀਵਾਲੀ ਤੇ ਤਾਂ ਜਰੂਰ ਹੀ ਕਰਦਾ ਹੁੰਦਾ ਸੀ | ਐਤਕੀਂ ਦੀਵਾਲੀ ‘ਚ ਹਾਲੇ ਤਿੰਨ ਦਿਨ ਰਹਿੰਦੇ ਸਨ ਅਤੇ ਠੰਡ ਕਾਫੀ ਉੱਤਰ ਆਈ ਸੀ … ਤਾਇਆ ਬੋਲਿਆ, “ਉਏ ਪੁੱਤ ਰੂਪਿਆ…ਆਹ ਫੜ ਪੈਸੇ ਜਾਹ ਰਾਮਦਾਸੀਆਂ ਦੇ ਜੀਤ ਸਿਉਂ ਫੌਜੀ ਕੋਲੋਂ ਇੱਕ ਰੰਮ ਦੀ ਬੋਤਲ ਫੜ ਕੇ ਲਿਆ…” …

ਦੀਵਾਲੀ ਦਾ ਦਿਨ-
ਜਾਗਰ ਦੇਖੇ ਬੋਤਲ ਵੱਲ 
ਤੇ ਸਜੀਆਂ ਭਰਜਾਈਆਂ

ਜਗਰਾਜ ਸਿੰਘ ਨਾਰਵੇ