ਝੋਨੇ ਦੀ ਕਟਾਈ ਤੋਂ ਬਾਅਦ ਵੀ ਕਿਸੇ ਕਿਸੇ ਖੇਤ ਚ ਕਰਚੇ ਅਜੇ ਖੜੇ ਚਮਕ ਰਹੇ ਸੀ ! ਪਰ ਲਾਭ ਤਾਏ ਹੋਰਾਂ ਨੇ ਪਾਇਪ ਲਾਈਨ ਪਾਉਣ ਕਰਕੇ ਸਾਰਾ ਖੇਤ ਪਹਿਲਾ ਹੀ ਅੱਗ ਲਾ ਕਾਲਾ ਤੇ ਰੜਾ ਕਰ ਦਿੱਤਾ ਸੀ !…..ਸਾਡਾ ਘਰ ਉਹਨਾ ਦੀ ਮੋਟਰ ਕੋਲ ਹੋਣ ਕਰਕੇ ਕੋਈ ਨਾ ਕੋਈ ਉਹਨਾ ਦੇ ਘਰ ਦਾ ਜੀ ਆਇਆ ਹੀ ਰਹਿੰਦਾ ! ਕਦੇ ਵੈਸੇ ਗੱਲਾਂ ਬਾਤਾਂ ਲਈ ..ਤੇ ਕਦੇ ਕਿਸੇ ਸੰਦ ਲਈ..!..”ਉਹ ਗੁਰਮਖਾ… ਆ ਕਤੀੜ ਨੂੰ ਸੰਗਲ ਪਾ ਦੇ ਮੱਲਾ !… ਕਿਤੇ ਹੋਰ ਜਾਨ ਨੂੰ ਸਿਆਪਾ ਪੈ ਜੇ….!” ਕਾਲੇ ਖੇਤ ਚ ਬਗਲੇ ਵਾਂਗ ਦੂਰੋਂ ਚਮਕਦੇ ਆਉਂਦੇ ਭਾਗ ਤਾਏ ਨੇ ਕਿੱਲੇ ਕੁ ਦੀ ਵਾਟ ਤੋਂ ਉਚੀ ਵਾਜ ਮਾਰੀ….”ਬੰਨ ਤਾ ਤਾਇਆ ਆਜਾ !”…ਮੈਂ ਵੀ ਟਿਚਰ ਜੀ ਨਾਲ ਕਿਹਾ !…”ਕਿਵੇ ਆਏ ਪ੍ਰਗਟ ਦੇ ਬਾਪੂ ਜੀ ” …ਮੇਰੀ ਮਾਤਾ ਨੇ ਟੇਢੇ ਕੀਤੇ ਘੁੰਡ ਚੋ ਹੌਲੀ ਜਿਹੇ ਪੁਛਿਆ …” ਮੈਂ ਤਾਂ ਭਾਈ ਸਿੰਦਰ, ਗਲਾਸ ਲੈਣ ਆਇਆ ਸੀ.. ਆਹ ਕਸ਼ਮੀਰੀਆਂ ਦੀ ਰੋਟੀ ਤੇ ਚਾਹ ਲੈ ਕੇ ਆਇਆ ਸੀ ! ਲਗਦਾ ਨਿਆਣੇ ਗਲਾਸ ਪਾਉਣਾ ਭੁੱਲ ਗੇ !” ….ਮੈਂ ਅੰਦਰੋਂ ਗਲਾਸ ਲਿਆਇਆ ਤੇ ਤਾਏ ਦੇ ਨਾਲ ਏ ਤੁਰਨ ਲੱਗਾ ਸੀ ਤਾਂ ਪਿਛੋਂ ਸਾਡੇ ਲਾਣੇਦਾਰ ਨੇ ਤਾਏ ਨੂੰ ਛੇੜਨ ਦੇ ਬਹਾਨੇ ਨਾਲ ਕਿਹਾ…”ਵੀਰ ਧਿਆਨ ਰਖੀ ਪਹਾੜੀਆਂ ਦਾ ਜੇ ਸਾਡੀ ਕੋਈ ਮਝ ਚੋਰੀ ਹੋਈ ਤਾਂ ਤੇਰੀ ਖੁਰਲੀ ਤੋਂ ਖੋਲ ਲਿਆਉਣੀ ਆ ਅਸੀਂ”……”ਉਹ ਘੋਲ ਸਿਆਂ ਤੂੰ ਫਿਕਰ ਨਾ ਕਰ ! ਇਹ ਤਾ ਬੜੇ ਚੰਗੇ ਤੇ ਮਿਹਨਤੀ ਬੰਦੇ ਨੇ ..ਨਾਲ ਚੱਲਕੇ ਦੇਖ ਕਿਵੇਂ ਮਿੱਟੀ ਚ ਮਿੱਟੀ ਹੋ ਰਹੇ ਨੇ”…ਮੈਨੂੰ ਤੁਰਨ ਦੇ ਇਸ਼ਾਰੇ ਨਾਲ ਤਾਏ ਨੇ ਕਿਹਾ …..

ਕਹੀ ਦਾ ਚੇਪਾ-
ਇਕੋ ਬੁਰਕੀ ਨਘਾਰ ਗਿਆ
ਚਾਹ ਭਿਓੰਤੀ ਰੋਟੀ

ਗੁਰਮੁਖ ਭੰਦੋਹਲ ਰਾਈਏਵਾਲ