ਕਲ ਰਾਤੀ ਨੀਂਦ ਨਹੀ ਆ ਰਹੀ ਸੀ ਤੇ ਸਮਾਂ ਵੀ 01:00 ਦੇ ਦਰਮਿਆਨ ਸੀ ਅਚਾਨਕ ਸੈਰ ਕਰਣ ਦਾ ਮੰਨ ਬਣਿਆ ਬਾਹਰ ਨਿਕਲਿਆ ਤਾ ਮੰਨ ਇਕਦਮ ਖਿਲ ਗਇਆ ਪੂਰਨਮਾਸ਼ੀ ਕਰਕੇ ਪੂਰਾ ਚੰਦਰਮਾ ਸੀ ਤੇ ਹਲਕੇ ਹਲਕੇ ਰੁਖ ਹਿਲ ਰਹੇ ਸਨ ਤੇ ਮਧਮ ਜਿਹੀ ਪਰ ਮਿਠੀ ਮਿਠੀ ਹਵਾ ਚਲ ਰਹੀ ਸੀ –ਮੈ ਦੋ ਤਿੰਨ ਲੰਬੇ ਲੰਬੇ ਸਾਹ ਖਿਚੇ ਤੇ ਕੁਦਰਤ ਨੂੰ ਆਪਣੇ ਸਾਹਾਂ ਰਾਹੀਂ ਆਪਣੀ ਆਤਮਾ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ ਤੇ ਸ਼ਾਇਦ ਮੈ ਥੋੜਾ ਕਾਮਯਾਬ ਵੀ ਹੋਇਆ ਪਰ ਹਾਂ ਇਕ ਗਲ ਪਕੀ ਕੀ ਇਸ ਤਰਾਂ ਕਰਣ ਨਾਲ ਮੇਰੀ ਰੂਹ ਖਿੜ ਗਈ —-
ਰਾਤ ਦੀ ਖਾਮੋਸ਼ੀ ਵਿਚ ਮੈਨੂੰ ਆਪਣੇ ਸਾਹਾਂ ਦੀ ਅਵਾਜ਼ ਬੜੀ ਸੋਹਣੀ ਲਗੀ ਜਿਸ ਤਰਾ ਕਦੀ ਕਦੀ ਸਾਨੂੰ ਦੂਰੋਂ ਅਚਾਨਕ ਕਿਸੀ ਰੇਲ ਗੱਡੀ ਦੀ ਅਵਾਜ਼ ਸੁੰਨ ਕੇ ਬੜਾ ਵਧੀਆ ਲਗਦਾ ਹੈ ਮੈਨੂ ਮੇਰੇ ਚਲ ਰਹੇ ਸਾਹਾਂ ਦੀ ਅਵਾਜ਼ ਵੀ ਦੂਰੋਂ ਆ ਰਹੀ ਕਿਸੀ ਰੇਲ ਗੱਡੀ ਦੀ ਅਵਾਜ਼ ਵਾਂਗੂ ਲਗੀ ਤੇ ਆਪਣੇ ਸਾਹਾਂ ਦੀ ਅਵਾਜ਼ ਨਾਲ ਗੱਲਾਂ ਕਰਦਾ ਮੈ ਤੁਰ ਪਿਆ ਤਾ ਮੇਰੇ ਬਿਲਕੁਲ ਸਾਹਮਣੇ ਚੰਨ ਨਜਰ ਆ ਰਿਹਾ ਸੀ ਭਾਵੇ ਰਾਤ ਦੀ ਇਸ ਖਾਮੋਸ਼ੀ ਵਿਚ ਮੇਰਾ ਆਪਣਾ ਚੰਨ ਮੇਰੇ ਨਾਲ ਨਹੀ ਸੀ ਪਰ ਮੈਨੂ ਇਹ ਕੁਦਰਤੀ ਚੰਨ ਵੀ ਮੇਰੇ ਆਪਣੇ ਚੰਨ ਵਰਗਾ ਲਗਾ ਤੇ ਰਬ ਦੇ ਚੰਨ ਨੂੰ ਆਪਣੇ ਚੰਨ ਸਮਝ ਕੇ ਉਸ ਵਾਲ ਦੇਖਦਾ ਹੋਇਆ ਉਸਨੂੰ ਨਿਹਾਰਦਾ ਹੋਇਆ ਅਗੇ ਵਧਦਾ ਗਇਆ
ਘਰੋਂ ਬਹੁਤ ਦੂਰ ਨਿਕਲਣ ਦਾ ਏਹਸਾਸ ਓਦੋਂ ਹੋਇਆ ਜਦੋਂ ਅਚਾਨਕ ਮੇਰਾ ਪਰਛਾਵਾਂ ਮੇਰੇ ਪੈਰਾਂ ਤੋਂ ਨਿਕਲ ਕੇ ਮੇਰੇ ਅਗੇ ਚਲਨ ਲਗ ਪਇਆ ਤੇ ਚੰਨ ਮੇਰੇ ਪਿਛੇ ਹੋ ਗਇਆ –ਤੇ ਇਕ ਪਲ ਰੁਕ ਕੇ ਕੁਦਰਤੀ ਚੰਨ ਨੂੰ ਖਾਮੋਸ਼ ਰਾਤ ਕੋਲ ਛਡ ਕੇ ਆਪਣੇ ਚੰਨ ਕੋਲ ਪਹੁੰਚਣ ਲਈ ਕਾਹਲੇ ਕਾਹਲੇ ਕਦਮਾਂ ਨਾਲ ਘਰ ਨੂੰ ਮੁੜ ਆਇਆ

 

ਚਾਨਣੀ ਰਾਤ 
ਚੰਨ ਮੇਰੇ ਸਿਰ ਤੋਂ ਪਿਛੇ 
ਪਰਛਾਵਾਂ ਪੈਰਾਂ ਤੋ ਅਗੇ 

ਮਨਦੀਪ ਮਾਨ