1

ਵੱਲਾਂ ਗੋਦ ਭਰੀ

ਰੁੱਖ ਭਰੇ ਪਪੀਸੀਆਂ

ਧਰਤੀ ਹਰੀ ਹਰੀ

2

ਉਤਰਿਆ ਸੌਣ

ਜੋਟੇ ਪੀਂਘ ਚੜਾਈ

ਬਾਕੀ ਖੜੀਆਂ ਗੌਣ

3

ਪੇਕੀਂ ਆਕੇ

ਪੱਟੇ ਸੱਸ ਦਾ ਚੂੰਡਾ

ਕੱਲੀ ਪੀਂਘ ਚੜਾਕੇ

4

ਰੱਖੇ ਘਰ ਸਜਾਕੇ

ਹਰ ਖੂੰਜੇ ਵਿਚ ਬਾਸ

ਫੁੱਲ ਕਾਗਜੀ ਲਾਕੇ

5

ਚੇਤਰੀ ਹਵਾ

ਟਿੱਬੇ ਤੋਂ ਰਾਹ ਬਦਲੇ

ਪਗਡੰਡੀ

6

ਚਿਹਰਾ ਮੁਸਕਾਇਆ

ਪ੍ਰਦੇਸੀਂ ਭੀੜ  ਵਤਨੀ

ਹੱਥ ਹਿਲਾਇਆ

7

ਕੋਨ ਤੇ ਥਾਵਾਂ

ਵੇਖੇ ਬਦਲ ਬਦਲ ਕੇ

ਵੱਖ ਨਾ ਹੋਏ ਪ੍ਰਛਾਵਾਂ

8

ਬੱਦਲ ਚਾਲ

ਬੋਟ ਪੰਛੀ ਪਰਾਂ ਦੇ ਹੇਠ

ਸੁੱਕੇ ਪੱਤੀਂ ਰੁੱਖ

9

ਕਮਲਾਇਆ ਰੁੱਖ

ਸੁਪਨਾ ਬਣਕੇ ਲੰਘੀ

ਬਦਲੋਟੀ ਦੀ ਛਾਂ

10

ਰੰਗ ਬਰੰਗੇ ਫੁੱਲ

ਤਿਤਲੀਆਂ ਦਾ ਭੁਲੇਖਾ

ਹੱਥ ਲਹੂ ਲੁਹਾਣ

11

ਪੰਛੀਆਂ ਦੀ ਅਜਾਨ

ਅੰਮ੍ਰਿਤ ਵੇਲੇ ਖੁੱਲਿਆ

ਦਿਨ ਦਾ ਬੂਹਾ

12

ਸਮੁੰਦਰ ਦਾ ਸਫਰ

ਤੁਰਗੇ ਲਹਿਰਾਂ ਨਾਲ

ਪੈਰਾਂ ਦੇ ਨਿਸ਼ਾਨ

13

ਸੁੱਕੇ ਢੇਰ ਤੋ ਮਿਲਿਆ

ਟਾਹਣ ਤੇ ਲਹਿਲਹਾਓਂਦਾ

ਸਬਜ ਪੱਤਾ

14

ਦਿਨ ਦਾ ਛਪਾਅ

ਬਾਤ ਪਤਾਓਣ ਨਾ ਦੇਵੇ ਬੇਬੇ

ਮਾਮਾ ਭੁੱਲਦਾ ਰਾਹ

15

ਬੀਚ ਵਿਛੌਣਾ

ਸੁਪਨੇ ਦੇ ਵਿਚ ਉਡ ਰਹੀ

ਟਿੱਬਿਆਂ ਦੀ ਰੇਤ

ਦਰਬਾਰਾ ਸਿੰਘ