ਸਕੂਲ ਦੇ ਦਿਨਾਂ ਚ ਗਰਮੀਆਂ ਦੀਆਂ ਛੁੱਟੀਆਂ ‘ਚ ਨਾਨਕੇ ਫੇਰੀ ਦੇ ਦ੍ਰਿਸ਼ ਅੱਜ ਵੀ ਚੇਤਿਆਂ ‘ਚ ਓਵੇਂ ਦੇ ਓਵੇਂ ਪਏ ਨੇ… ਨਾਨਾਜੀ ਫੌਜ ‘ਦੀ ਨੌਕਰੀ ਦੌਰਾਨ ਕਈ ਸਾਲ ਮਧ ਪ੍ਰਦੇਸ਼ ਚ ਰਹੇ, ਰਿਟਾਇਰਮੈਂਟ ਤਕ… ਮਗਰੋਂ ਓਥੇ ਹੀ ਵਸ ਗਏ ਸਨ… ਕੋਰੀ ਅਨਪੜ੍ਹ, ਸਿਧੀ ਸਾਦੀ ਦੁਆਬਣ ਨਾਨੀ ਅਧਿਓਂ ਵਧ ਉਮਰ ਓਥੇ ਰਹਿ ਕੇ ਵੀ ਹਿੰਦੀ ਬੋਲਣੀ ਨਾ ਸਿਖੀ… ਓਹਦੇ ‘ਯਹਾਂ’ ਨੂੰ ‘ਹੀਆਂ’ ਤੇ ਵਹਾਂ ਨੂੰ ‘ਹੁਆਂ’ ਕਹਿਣ ਤੇ ਅਸੀਂ ਮੁਸ਼ਕੜੀਏਂ ਹੱਸਣਾ… ਸੁੱਚਮ ਦਾ ਬੜਾ ਖਿਆਲ ਰਖਦੀ… ਮੈਂ ਹਮੇਸ਼ਾ ਘੜੇ ਚੋਂ ਪਾਣੀ ਲੈਕੇ ਓਥੇ ਹੀ ਖੜ੍ਹਾ ਪੀਣ ਲਗਦਾ ਤੇ ਹਮੇਸ਼ਾ ਉਹ ਗੁੱਸੇ ਚ ਭਰ ਕੇ ਮੈਨੂੰ ਭੱਜ ਕੇ ਪੈਂਦੀ… “ਦਾਦੇ ਮਘਾਉਣੇ” ਉਹਦੀ ਮਨਪਸੰਦ ਗਾਹਲ, ਤੇ ਇਹ ਸੁਣਨ ਲਈ ਨਾਨੀ ਨੂੰ ਕਿਸੇ ਵੀ ਬਹਾਨੇ ਖਿਝਾਉਣਾ ਮੇਰੀ ਮਨਪਸੰਦ ਖੁਰਾਫਾਤ… ਪਰ ਦਿਨ ਭਰ ਦੀਆਂ ਸ਼ਰਾਰਤਾਂ ਤੋਂ ਥੱਕ ਕੇ ਜਦ ਮੈਂ ਨਾਨੀ ਕੋਲ ਆਉਣਾ ਤੇ ਉਹਨੇ ਮੈਨੂੰ ਆਪਣੇ ਕਾਲਜੇ ਨਾਲ ਲਾ ਕੇ ਮੇਰੀਆਂ ਦਿਨ ਦੀਆਂ ਸ਼ਰਾਰਤਾਂ ‘ਤੇ ਹੱਸਣਾ ਤਾਂ ਲਗਦਾ ਸੀ ਕਿ ਦੁਨੀਆ ਚ ਇਹਤੋਂ ਸੁਹਣੀ ਨਾਨੀ ਕਿਸੇ ਦੀ ਹੋ ਨਹੀਂ ਸਕਦੀ… ਮੈਂ ਵੀ ਹੱਸ ਪੈਣਾ… ਉਹਦੀ ਫ੍ਰੇਮ ਚ ਜੜੀ ਫੋਟੋ ਹੱਸਦੀ ਤਾਂ ਭਾਵੇਂ ਨਹੀਂ ਹੈ ਲੇਕਿਨ ਜਦੋਂ ਵੀ ਉਹ ਫੋਟੋ ਦੇਖਦਾ ਹਾਂ ਤਾਂ ਨਾਨੀ ਦਾ ਚਿਹਰਾ ਓਵੇਂ ਹੀ ਜਿਉਂਦਾ ਜਾਗਦਾ ਲੱਗਦਾ ਹੈ…

ਨਿੱਕੀ ਨਿੱਕੀ ਕਣੀ –
ਨਾਨੀ ਦੇ ਖਿੜੇ ਚਿਹਰੇ ਦੁਆਲੇ
ਚੰਦਨ ਦੀ ਖੁਸ਼ਬੋਈ

ਸੁਰਮੀਤ ਮਾਵੀ