ਸਾਰਾ ਦਿਨ ਛਿਗੜ ਛਿਗੜ ਜਾਰੀ ਰਹੀ .. ਹੁਣ ਰਾਤੀਂ ਦਸ ਕੁ ਬਜੇ ਅਸਮਾਨ ਸਾਫ਼ ਤਾਂ ਨਹੀਂ ਕਹਿ ਸਕਦੇ ਪਰ ਬਹੁਤ ਸਾਰੇ ਤਾਰੇ ਦੀਂਹਦੇ ਸਨ . ਚੰਦ ਕੱਲ੍ਹ ਨਾਲੋਂ ਹੋਰ ਪੂਰਨ ਹੋ ਗਿਆ ਸੀ. ਬਸ , ਮਸਾਂ ਬੁਰਕੀ ਕੁ ਛੋਟਾ ਸੀ . ਆਲੇ ਦੁਆਲੇ ਅਰਧ ਪਾਰਦਰਸੀ ਜਿਹੇ ਬੱਦਲਾਂ ਦੇ ਖੰਡਰਾਂ ਦਾ ਘੇਰਾ ਸੀ ਜੋ ਪ੍ਰਤਿਬਿੰਬਿਤ ਰੋਸ਼ਨੀ ਨਾਲ ਪਲ ਪਲ ਰੰਗ ਵਟਾ ਰਿਹਾ ਸੀ. ਮੈਂ ਰੰਗਾਂ ਨੂੰ ਉਠਾਲਣ ਲਈ ਹਿੱਜੇ ਕਰਨ ਲੱਗਾ ਪਰ ਪੂਰਾ ਨਾਕਾਮ ਰਿਹਾ . ਸੋਚਿਆ ਕੈਮਰੇ ਵਿੱਚ ਬੰਦ ਕਰ ਲਵਾਂ . ਤੇ ਮੈਂ ਜੋਸ਼ੋਖਰੋਸ਼ ਨਾਲ ਸ਼ੌਕੀਆ ਫੋਟੋਗ੍ਰਾਫੀ ਦੇ ਆਪਣੇ ਸ਼ੌਕ ਵਿੱਚ ਰੁਝ ਗਿਆ …. ਡੱਡੂਆਂ ਤੇ ਬਿੰਡਿਆਂ ਨੇ ਵੀ ਜਿਵੇਂ ਉਦਾੱਤ ਨੂੰ ਪਰਿਭਾਸ਼ਿਤ ਕਰਨਾ ਹੋਵੇ ….ਹੋਰ ਵਿਰਾਟ ਬੁਲੰਦ !!!

ਬੀਥੋਵਨ* ਦੀ ਅੰਤਿਮ ਸਿੰਫਨੀ
ਫੈਲ ਰਹੀ ਰੰਗੋਲੀ ਚੰਦ ਦੇ ਗਿਰਦ 
ਅਨੰਤ ਸਤਰੰਗੀਆਂ 

ਚਰਨ ਗਿੱਲ