ਗਰਮੀਆਂ ਦੀ ਰੁੱਤ ਸੀ ਅਤੇ ਮੋਗੇ ਸ਼ਹਿਰ ਦੇ ਬਜਾਰ ‘ਚੋਂ ਕੁਝ ਖਰੀਦ ਕੇ ਕਾਹਲੀ ਕਾਹਲੀ ਬੱਸ ਅੱਡੇ ਵੱਲ ਨੂੰ ਜਾ ਰਿਹਾ ਸਾਂ | ਮੈਨੂੰ ਭੁਲੇਖਾ ਜਿਹਾ ਪਿਆ ਕਿ ਮੈਨੂੰ ਕਿਸੇ ਨੇ ਪਿਛੋਂ ‘ਵਾਜ ਮਾਰੀ ਹੈ … ਮੈਂ ਅਣਗੌਲਿਆਂ ਕਰ ਆਪਣੀ ਮਸਤੀ ‘ਚ ਅੱਗੇ ਵੱਲ ਤੁਰਦਾ ਗਿਆ …. “ਓਹ ਰਾਜੇ !!”… ਐਸ ਵਾਰੀ ਮੈਂ ਰੁਕਿਆ ਤਾਂ ਦੇਖਿਆ ਕਿ ਮੇਰੇ ਪਿਛੇ ਮੇਰੇ ਹੀ ਸਕੂਲ ਦੇ (ਰਹਿ ਚੁੱਕੇ) ਦੋ ਸਾਥੀ ਆ ਰਹੇ ਸਨ, ਮੇਰੇ ਪਿੰਡ ਦੇ ਹੀ ਸਨ … ਮੈਂ ਰੁਕਿਆ , ਆਦਤਨ ਹੱਥ ਮਿਲਾਏ… ਹਾਲ ਚਾਲ ਪੁਛੇ … ਮੈਨੂੰ ਕੁਝ ਅਜੀਬ ਅਜੀਬ ਜਿਹਾ ਲੱਗਾ … ਦੋਹਾਂ ਦੇ ਚਿਹਰਿਆਂ ਤੇ ਅਜੀਬ ਜਿਹੀਆਂ ਮੁਸਕਾਨਾਂ ਸਨ… [………………………………]…. ਮੇਰੀ ਤਾਂ ਗਰਮੀ ਨੇ ਮੱਤ ਮਾਰੀ ਪਈ ਸੀ ਪਰ ਉਹ ਤਾਂ ਗੱਲ ਹੀ ਇੰਝ ਕਰਦੇ ਸਨ ਕਿ ਬੱਸ ਪੁਛੋ ਹੀ ਕੁਝ ਨਾ…. ਮੈਂ ਪਿਛਾ ਛੁਡਾਉਣ ਹਿਤ ਕਿਹਾ , “ਯਾਰ ਚਾਰ ਵਜੇ ਵਾਲੀ ਪਿੰਡ ਵਾਲੀ ਬੱਸ ਨਾ ਨਿਕਲ ਜਾਵੇ, ਮੈਂ ਚੱਲਿਆ…” ….. ਪਰ ਕਿੱਥੇ ?…. ਇੱਕ ਬੋਲਿਆ, “ਆ ਯਾਰ ਇੱਕ ਇੱਕ ਕੱਪ ਚਾਹ ਪੀਨੇ ਆਂ… ਫਿਰ ਅਗਲੀ ਬੱਸ ‘ਚ ‘ਕੱਠੇ ਈ ਚੱਲਾਂਗੇ” … ਮੈਨੂੰ ਨਾਂਹ ਨੁੱਕਰ ਕਰਦੇ ਨੂੰ ਸੜਕੋੰ ਪਾਰ ਢਾਬੇ ‘ਚ ਨਾਲ ਲੈ ਗਏ…. “ਉਹ ਛੋਟੇ ਤਿੰਨ ਕੱਪ ਚਾਹ ਬਣਾ… ਨਾਲੇ ਪਾਣੀ ਪਿਆ ਯਾਰ” ਇੱਕ ਨੇ ਬੜੇ ਹੀ ਦੋਸਤਾਨਾ ਲਹਿਜੇ ‘ਚ ਆਰਡਰ ਕੀਤਾ | ਲਿੱਬੜੇ ਜਿਹੇ ਲੀੜਿਆਂ ਵਾਲਾ ਮੁੰਡਾ ਤਿੰਨ ਗਲਾਸ ਅਤੇ ਅਲੂਮੀਨੀਅਮ ਦਾ ਚਿਬਾਂ ਭਰਿਆ ਜੱਗ ਲੋਹੇ ਦੇ ਮੇਜ ਤੇ ਰੱਖ ਗਿਆ | ……. ਦੋਹਾਂ ਨੇ ਆਪਣੀਆਂ ਜੇਬਾਂ ਚੋਂ ਇੱਕ ਇੱਕ ਸ਼ੀਸ਼ੀ ਕਢੀ…. ਕਰਨ ਲੱਗੇ ਦੋ ਵਟਾ ਤਿੰਨ …..

ਪਾਗਲਾਂ ਵਾਂਗ 
ਉੱਠ ਭੱਜਾ ਅਨਭੋਲ ਜੁਆਨ 
ਆਖਰੀ ਬੱਸ

ਜਗਰਾਜ ਸਿੰਘ ਨਾਰਵੇ