1.
ਲੁੱਕਣ-ਮੀਟੀ
ਖੇਡਦੇ ਚੰਨ ਤੇ ਮੈਂ
ਬੱਦਲਾਂ ਦਾ ਓਹਲਾ
2.
ਅੰਬਰ ਪਾਟਾ
ਢੱਠਾ ਮੀਂਹ
ਮੈਂ ਨਾ ਛੱਤਰੀ ਤਾਣੀ

3.
ਦਸੰਬਰ ਇਕੱਤੀ
ਇੱਕ ਜਨਵਰੀ
ਬਾਹਰ ਓਹੀ ਬਰਫਬਾਰੀ 
4.
ਮੇਰਾ ਮੇਰਾ ਆਖਦੇ
ਲੜਨ ਫਰੋਲਣ
ਗੰਦ ਦਾ ਢੇਰ 
5.
ਹਵਾਈ-ਚੁੰਮਣ
ਬੇਟੀ ਸੁੱਟਿਆ
ਤਪਦਾ ਮੱਥਾ ਸ਼ੀਤਲ 
6.
ਅਧਿਆਪਕ ਚੀਖੇ
ਮੁੱਠੀ ਮੇਜ਼ ‘ਤੇ ਮਾਰ
“ਸ਼ਾਂਤੀ ਰੱਖੋ” 
7.
ਸਿਰ ਮਾਰੇ ਨਾਂਹ
ਮੂਹੋਂ ਕਹੇ ਹਾਂ
ਜਾਤਿ ਮਾਣੁਖ
8.
ਕਲ ਸੀ ਸੁੱਕਾ
ਅੱਜ ਭਰ ਵਗਦਾ
ਬਰਸਾਤੀ ਨਾਲ਼ਾ

9.
ਮਿਲਣਾ ਓਸ ਦਾ
ਤੱਪਦੇ ਸਾਉਣ ‘ਚ
ਪਹਿਲਾ ਮੀਂਹ 
10.
ਅੱਸੂ ਮਾਹ ਦੇ
ਦਿਨ ਰਾਤ ਜਿਹਾ
ਮਨ-ਤਨ ਦਾ ਅੰਤਰ
11.
ਅੱਧ ਢਿਹਾ, ਕਿ
ਅੱਧ ਬਣਿਆ ਸੀ
ਖੰਡ੍ਹਰ ਅੱਜ ਦਿਖਦਾ
12.
ਤਿੰਨ ਪੰਕਤੀਆਂ
ਲਿਖ-ਕੱਟ ਭਰਿਆ
ਕਾਗ਼ਜ਼ ਅਜੇ ਵੀ ਸੱਖਣਾ
13.
ਤਾਈ ਦੀ ਭੱਠੀ
ਖਿੱਲਾਂ ਬਣਾਵੇ
ਪਟਾਕ ਪਟਾਕ
14.
ਈਸਰ ਆਵੇ
ਮੱਚੇ ਦਲਿੱਦ੍ਰ ਤਿੱਲ ਤਿੱਲ
ਲੋਹੜੀ ਦੀ ਧੂਣੀ
15.
ਬੋਹੜ ਦਾ ਇਕ ਟ੍ਹਾਣ
ਚੜ੍ਹ ਸੁੱਤਾ ਅੱਧ ਅਸਮਾਨ
ਮੇਰੇ ਜਿਹਾ ਕੌਣ
16.
ਚੱਲੇ ਘੁਲਾੜੀ
ਗੁੜ ਬਣਦਾ
ਨਾਸਾਂ ਹੋਈਆਂ ਜੀਭ
17.
ਇਹ ਮੰਡਲ ਕੈਸਾ
ਧਰਤ ਦਿਸੇ
ਇੱਕ ਨੀਲਾ ਆਂਡਾ
18.
ਪਾਉਂਦੀ ਸੰਮੀ ਪੀਲੀ ਸਰੋਂ
ਕਣਕ ਸੁਨਿਹਰੀ ਨੱਚਦੀ
ਵੈਸਾਖ ਮੇਰਾ ਸੋਨਾ
19.
ਸਰ੍ਹੋਂ ਪਾਉਂਦੀ ਸੰਮੀ
ਵੈਸਾਖ ਆਇਆ
ਕਣਕਾਂ ਨੱਚਦੀਆਂ
20.
ਸਰ੍ਹੋਂ ਪੀਲੀ
ਸੁਨਿਹਰੀ ਕਣਕਾਂ
ਵੈਸਾਖ ਸੋਨੇ ਦਾ
21.
ਕਾਲੀਆਂ ਰਾਤਾਂ
ਚਿੱਟੀਆਂ ਚਾਦਰਾਂ
ਸੌਣਾ ਕੋਠੇ ਚੜ੍ਹਕੇ 
22.
ਅੰਗ ਮਿਲਦੇ
ਸਾਹ ਘੁਲਦੇ
ਬਹਿਸ਼ਤ ਸਤੋਰੀ
23.
ਬਰਫ਼ੀਲੀ ਚੋਟੀ
ਸੂਰਜ ਚਮਕੇ
ਨਾਦ ਇਕ ਅਨਹਦ
24.
ਗਿੱਧਾ ਮੱਚਦਾ
ਅੰਦਰ ਮੇਰੇ
ਇਕ ਹੱਥ ਦੀ ਤਾੜੀ ਦਾ
25.
ਗੀਤ ਗ਼ਮੀ ਦਾ
ਨਾਲ ਸ਼ੋਰ ਢੋਲੀ ਦਾ
ਡਮ-ਡਮ ਲਕ ਲਕ
26.
ਜੇਠ ਮਹੀਨਾ
ਸਿਖ਼ਰ ਦੁਪਿਹਰਾ ਉੱਤੋਂ
ਲਾਲ ਸੂਟ ਉਸ ਪਾਇਆ
27.
ਪਹਾੜੀ ਸੁਰੀਲੀ
ਦੂਰ ਝਰਨਾ
ਗੂੰਜਦਾ ਨਿਸ਼ਬਦ 
28.
ਗਿੱਧਾ ਮੱਚਦਾ
ਅੰਦਰ ਮੇਰੇ,
ਇਕ ਹੱਥ ਦੀ ਤਾੜੀ ਦਾ 
29.
ਟਿਕੀ ਦੁਪਹਿਰ
ਭਾਦੋਂ ਟਾਟਵੀਂ
ਬੀਂਡਾ ਕਰੇ ਟੀਂ ਟੀਂ 
30.
ਲਾਵਾ ਮੱਲੇ ਸਮੁੰਦਰ, ਕਦੇ
ਸਾਗਰ ਧਰਤੀ ਖਾਵੇ
ਤੇਰੇ ਮੇਰੇ ਮਿਲਣ ਦਾ ਪਲ 
31.
ਸਹਾਰਾ ਜਾਂ ਬੇਕਾਰ
ਹੂੰਗਰ ਬੀਮਾਰ ਦੀ ,
ਹੂੰਗਾਂ ਤੇ ਸੋਚਾਂ
32.
ਬੁਝ ਵੀ ਜਾਂਦੀ
ਨਿੱਘ ਨਾਹ ਜਾਂਦਾ
ਪੋਹ ਦੀ ਧੂਣੀ 
33.
ਧੂੰਆਂ ਬਹੁਤਾ
ਸੇਕ ਘੱਟ
ਗਿੱਲੀਆਂ ਪਾਥੀਆਂ
34.
ਬਹਾਰ ਅੰਦਰਲੀ
ਪ੍ਰਗਟ ਬਾਹਰ
ਉਹ ਕਹੁ ਹਾਇਕੂ
35.
ਉੱਬਲ਼ਦੇ ਤੇਲ ਦਾ
ਤਾਪਮਾਨ ਬੋਲੇ
ਪਾਣੀ ਦਾ ਛਿੱਟਾ ਛੂੰ…
36.
ਗੁਰੂ ਦਾ ਮੁੱਖ
ਨੋਕ ਖੰਜਰ ਦੀ
ਅਰਦਾਸ ਵੇਲੇ
37.
ਚਿੱਤ ਮੇਰਾ
ਅਗਰਬੱਤੀ ਦਾ ਧੂੰਆਂ
ਉੱਪਰ ਉੱਠਣ ਦੋਵੇਂ
38.
ਕਿੱਕਰ ‘ਚ ਫਸਿਆ
ਪਲਾਸਟਿਕੀ ਲਫਾਫ਼ਾ
ਫੜਕੇ ਫ਼ੜਕ-ਫ਼ੜ
39.
ਜੇਠ ਦੁਪਿਹਰਾ
ਲਾਲ ਸੂਟ ਭਿੱਜਾ
ਚੋਵੇ ਮੁੜਕਾ ਤਿੱਪ ਤਿੱਪ
40.
ਜੇਠ ਦੁਪਿਹਰਾ
ਪਿੰਡਿਓਂ ਵਗੇ ਪਸੀਨਾ
ਚੇਹਰੇ ਤੋਂ ਮੇਕਅੱਪ
41.
ਉਹ ਧਾਹ ਮਿਲਿਆ
ਫੁੱਲ ਖਿੜੇ
ਜ਼ਾਹਿਰ ਚਾਰੇ ਕੂੰਟਾਂ
42.
ਸ਼ਰਾਬਖਾਨਾ : ਬਦਬੂ ਸ਼ਰਾਬ ਦੀ
ਕੰਨ ਪਾੜ ਸੰਗੀਤ
ਸਕੂਨ ਦੀਆਂ ਘੜੀਆਂ ਇਹ
43.
ਨਜ਼ਰ ਤਿਰਛੀ
ਰੜਕਦੀ ਪਿੱਠ ਪਿਛਿਓਂ
ਉਰਾਰ ਵੀ ਪਾਰ ਵੀ
44.
ਸੁੱਕੇ ਰੁੱਖ
ਨਿਪੱਤਰੀ ਕਾਇਆ
ਆਖ ਰਿਹਾ ਉਹ ਅਲਵਿਦਾ 
45.
ਸੱਤਰੰਗੀ ਪੀਂਘ
ਘੁੱਗੀ ਦੀ ਗੁਟਰਗੂੰ
ਇਕਰਾਰੀ ਕਾਦਿਰ 
46.
ਚੜ੍ਹ ਹਵਾ ਦੇ ਧੱਕੇ
ਇੱਕ ਖੰਭ ਉੱਡੇ
ਟੁੱਟਕੇ ਵੀ 
47.
ਮੋਇਆ ਪੰਖੇਰੂ
ਉੱਡਣ ਖੰਭ
ਗੋਲੀ ਦੀ ਠਾਹ 
48.
ਕੂੜੇ ਦਾ ਢੇਰ
ਫਿਰ ਉੱਗ ਖਿੜ੍ਹਿਆ
ਪੁੱਟਿਆ ਫੁੱਲ ਦਾ ਬੂਟਾ
49.
ਪਬਲਿਕ ਫ਼ੋਨ
ਪਾਸ ਖਲੋਤਾ ਮੰਗਤਾ
ਮੰਗਦਾ ਖੁਲੀ ਭਾਨ
50.
ਹਾਕ ਸੁਣੀ,ਦਰਵਾਜ਼ਾ ਖੜਕੇ
ਬਾਹਰ ਜਾ ਡਿੱਠਾ
ਖ਼ਾਲੀ ਬੀਹੀ

ਦਲਵੀਰ ਗਿੱਲ