ਸੁਰਜੀ ਬਾਬੇ ਨਾਲ ਕਈ ਵਾਰ ਬਹਿਸ ਹੋ ਜਾਂਦੀ . ਬਹੁਤ ਵਾਰ ਆਤਮਾ ਤੇ ਸਰੀਰ ਦੇ ਸੰਬੰਧਾਂ ਬਾਰੇ ਸਦੀਵੀ ਦਾਰਸ਼ਨਿਕ ਸਵਾਲ ਸਾਡੀ ਚਰਚਾ ਦਾ ਵਿਸ਼ਾ ਹੁੰਦੇ. ਰੱਬ ਦੀ ਹੋਂਦ ਬਾਰੇ ਵੀ ਵਿਵਾਦ ਛਿੜ ਪੈਂਦਾ. ਪਤਾ ਨਹੀਂ ਕਿਵੇਂ ਨਾਸਤਿਕ ਦ੍ਰਿਸ਼ਟੀਕੋਣ ਬਾਲ ਉਮਰੇ ਹੀ ਮੇਰੀ ਸੋਝੀ ਵਿੱਚ ਪ੍ਰਵੇਸ਼ ਕਰ ਗਿਆ ਸੀ ਮੈਂ ਬਾਬੇ ਨਾਲ ਉਲਝ ਪੈਣਾ. ਰੱਬ ਦੇ ਹੱਕ ਵਿੱਚ ਸੁਰਜੀ ਬਾਬਾ ….ਆਪਣੇ ਤਰਕ ਦੇ ਅਧਾਰ ਤੇ ਕਾਇਲ ਸੀ. ਬਾਬੇ ਨੇ ਕਹਿਣਾ, “ ਇਹ ਜਿਹੜੀ ‘ਮੈਂ’ ਤੇਰੇ ਅੰਦਰ ਬੋਲਦੀ ਹੈ ਇਹ ਕੀ ਹੈ ..ਇਹ ਕਿਥੋਂ ਆ ਗਈ ਜੇ ਰੱਬ ਨਹੀਂ ਹੈ ਤਾਂ?”

ਡੰਗਰਾਂ ਵਾਲਾ ਕੋਠਾ
ਹੁੱਕੇ ਦੀ ਗੁੜਗੁੜ ਨਾਲ ਹੋਰ ਵੀ
ਮੁੜ੍ਹਕੋ ਮੁੜ੍ਹਕੀ ਬਾਬਾ

ਅਨੇਕ ਦਾਰਸ਼ਨਿਕ ਸਵਾਲ ਬਾਬੇ ਨੇ ਅਚੇਤ ਹੀ ਮੇਰੇ ਅੰਦਰ ਰੋਪ ਦਿੱਤੇ ਜੋ ਦਿਨ ਬਦਿਨ ਨਵੇਂ ਨਵੇਂ ਟੂਸੇ ਕਢਣ ਲੱਗੇ ਤੇ ਆਖਿਰ ਵਿਸ਼ਾਲ ਗੁੰਝਲਦਾਰ ਬੋਹੜ ਆਕਾਰ ਧਾਰਨ ਕਰ ਗਏ .
……. ਲਿਖਤੀ ਸਭਿਆਚਾਰ ਤੋਂ ਉੱਕਾ ਅਨਜਾਣ ਪਰ ਜਬਾਨੀ ਸਭਿਆਚਾਰ ਦੇ ਚੰਗੇ ਪ੍ਰਵਾਨ ਚੜੇ ਚਿੰਤਕ ਬਾਬਾ ਸੁਰਜੀ ਦੀ ਦੇਣ ਮੈਨੂੰ ਕਦੇ ਨਹੀਂ ਭੁੱਲ ਸਕਦੀ . ਅੱਗੇ ਜਾ ਕੇ ਯੂਨਿਵਰਸਿਟੀ ਦੇ ਜ਼ਮਾਨੇ ਵਿੱਚ ਜਦੋਂ ਮੈਂ ਪੰਜਾਬੀ ਦੀ ਐਮ ਏ ਕਰਦਿਆਂ ਕਠੋ ਉਪਨਿਸ਼ਦ ਦਾ ਅਧਿਅਨ ਕਰ ਰਿਹਾ ਸੀ ਤਾਂ ਬਾਬੇ ਸੁਰਜੀ ਦਾ ਇੱਕ ਨਵਾਂ ਰੂਪ ਮੈਨੂੰ ਨਜ਼ਰੀਂ ਆਉਣ ਲੱਗਾ, ਮੈਨੂੰ ਉਹ ਮੇਰੀਆਂ ਸਿਧਾਂਤਕ ਰੁਚੀਆਂ ਦੇ ਪਾਲਣਹਾਰ ਵਜੋਂ ਹੋਰ ਵੀ ਵਧੇਰੇ ਅਹਿਮ ਲੱਗਣ ਲੱਗ ਪਿਆ.

ਬੁਢਾ ਬੋਹੜ 
ਅਨੇਕ ਆਵਾਜ਼ੀਂ ਚਰਚਾ ਚੱਲੀ 
ਮੱਲੀ ਚੱਪਾ ਚੱਪਾ ਥਾਂ

ਚਰਨ ਗਿੱਲ