ਨਵੇਂ ਚੰਦਾਂ ਵਾਲੀ ਭੂਆ ਕੱਲ ਤੀਆਂ ਦੀ ਗੱਲ ਛੇੜ ਕੇ ਬੈਹ ਗਈ ..ਅਖੇ ਤੀਆਂ ਤਾਂ ਸਾਡੇ ਵੇਲੇ ਲੱਗਦੀਆਂ ਸੀ …ਵਿਆਹੀਆਂ ਨੇ ਸਾਉਣ ਚੜਨ ਤੋਂ ਪਹਿਲਾਂ ਹੀ ਸੁਨੇਹੇ ਘੱਲਣ ਲੱਗ ਜਾਣਾ ਬੀ ਮੈਨੂੰ ਲੈ ਜਿਓ ਆ ਕੇ ਤੀਆਂ ਤੋਂ ਪਹਿਲਾਂ ਪਹਿਲਾਂ …ਆਥਣੇ ,ਕੀ ਕੁਆਰੀਆਂ ..ਕੀ ਵਿਆਹੀਆਂ ..ਲਹਿੰਦੇ ਆਲੇ ਪਾਸੇ ਪਈ ਸ਼ਾਮਲਾਟ ਜਮੀਨ ‘ਚ ਕੱਠੀਆਂ ਹੋ ਜਾਣਾ ..ਗਿੱਧੇ ਵਿੱਚ ਓਹ ਧਮੱਚੀ ਮਚਾਉਣੀ ..ਓਹ ਧਮੱਚੀ ਮਚਾਉਣੀ ..ਕਾਲੇ ਬੱਦਲਾਂ ਦੀ ਗਰਜ ਵੀ ਫਿੱਕੀ ਪੈ ਜਾਣੀ –

ਕਾਲੀ ਘਟਾ –
ਗਿੱਧੇ ਦੀ ਧੂੜ ‘ਚ ਉੱਡੀਆਂ
ਰੰਗ ਬਿਰੰਗੀਆਂ ਚੁੰਨੀਆਂ

ਚਲ ਛੱਡ ਮਨਾ …ਹੁਣ ਤਾਂ ਨਾ ਹੀ ਕਿਧਰੇ ਤੀਆਂ ਲੱਗਦੀਆਂ ਹਨ ਤੇ ਨਾ ਹੀ ਕੁੜੀਆਂ ਇੱਕਠੀਆਂ ਹੋ ਬਹਿੰਦੀਆਂ ਹਨ ..ਉੱਪਰੋਂ ਸਾਉਣ ਵੀ ਸੁੱਕਾ..! ਜਿਵੇਂ ਹੀ ਬੱਦਲਵਾਈ ਹੁੰਦੀ ਹੈ ,ਵੱਗਦੀ ਹਵਾ ਪਤਾ ਨਹੀਂ ਬੱਦਲਾਂ ਨੂੰ ਕਿੱਧਰ ਲੈ ਜਾਂਦੀ ਹੈ –

ਸੁੱਕਾ ਸਾਉਣ –
ਵੱਗਦੀ ਹਵਾ ‘ਚ ਜਰਾ ਕੁ ਹਿੱਲੀ
ਖਾਲੀ ਪੀਂਘ

ਹਾਂ,ਵੇਹੜੇ ਦੇ ਤੂਤ ਤੇ ਲੱਗਦੈ ,ਜਿਵੇਂ ਸਾਉਣ ਦੇ ਸੋਕੇ ਦਾ ਕੋਈ ਅਸਰ ਨਾ ਹੋਵੇ …ਹਰੀਆਂ ਕਚੂਰ ਲਗਰਾਂ ..ਪੂਰੀ ਸੰਘਣੀ ਛਾਂ ..ਮੇਰੇ ਸਾਹਮਣੇ ਹੀ ਮੇਰੀ ਪਤਨੀ ਨੇ ਵਿਹੜੇ ਵਿੱਚ ਬਿਸਕੁਟਾਂ ਵਾਲਾ ਪੀਪਾ ਝਾੜ ਦਿੱਤਾ ..ਤੂਤ ਦੇ ਕਚੂਰ ਪੱਤਿਆਂ ਚੋਂ ਪਹਿਲਾਂ ਚਾਰ ਪੰਜ ਚਿੜੀਆਂ ਵਿਹੜੇ ‘ਚ ਆ ਬੈਠੀਆਂ ..ਮੈਂ ਪੀਂਘ ਨੂੰ ਹੱਥ ਪਾ ਕੇ ਖੜਾ ਰਿਹਾ ..ਵੇਹੰਦੇ ਵੇਹੰਦੇ ਅੱਠ ਦਸ ਹੋਰ ਚਿੜੀਆਂ ਆ ਬੈਠੀਆਂ ..ਇੰਝ ਵਾਹਵਾ ਰੌਣਕ ਲੱਗ ਗਈ –

ਅਖੀਰ ਸਾਉਣ –
ਬਿਸਕੁਟਾਂ ਦੀ ਭੋਰ ਚੋਰ ਚੁਗੇ
ਚਿੜੀਆਂ ਦੀ ਡਾਰ

ਹਰਵਿੰਦਰ ਧਾਲੀਵਾਲ