ਮੇਰੀ ਰਸੋਈ ਦੀ ਤਾਕੀ ਦੇ ਬਿਲਕੁਲ ਸਾਹਮਣੇ ਇੱਕ ਘਾਹ ਦਾ ਮੈਦਾਨ ਹੈ । ਮਹੀਨਾ ਕੁ ਪਹਿਲਾਂ ਉਥੇ ਉੱਚਾ ਲੰਮਾ ਘਾਹ ਸੀ ਪਰ ਕੁਝ ਦਿਨ ਹੋਏ ਉਸ ਦੇ ਮਾਲਕ ਨੇ ਓਹ ਘਾਹ ਕੁਤਰ ਦਿੱਤਾ ਤੇ ਯਕਦਮ ਉਸੇ ਥਾਂ ਮੈਦਾਨ ਦੇ ਬਿਲਕੁਲ ਵਿਚਕਾਰ ਇੱਕ ਵੱਡੇ ਸਾਰੇ ਗੋਲ ਚੱਕਰ ਵਿਚ ਬੁਹਤ ਹੀ ਸੁਹਣੇ ਚਿੱਟੇ ਅਤੇ ਹਲਕੇ ਗੁਲਾਬੀ ਫੁੱਲ ਖਿੱੜ ਆਏ । ਦੂਰੋਂ ਸਾਰੇ ਹੀ ਚਿੱਟੇ- ਚਿੱਟੇ ਲਗਦੇ ਨੇ.. ਮੇਰੀ ਨਾਨੀ ਦੇ ਦੂਧੀਆ ਵਾਲਾਂ ਵਰਗੇ … ਬੁਹਤ ਹੀ ਕੋਮਲ ਮੇਰੀ ਨਾਨੀ ਦੇ ਝੁਰੜੀਆਂ ਭਰੇ ਮੁੱਖ ਤੇ ਫੈਲੀ ਸੱਜਰੀ ਮੁਸਕਾਨ ਵਰਗੇ … ਸਿਰਫ ਇੱਕੋ ਪੰਖੜੀ ਹੈ ਉਹਨਾਂ ਦੀ ਤੇ ਸ਼ਾਮ ਹੋਣ ਦੇ ਨਾਲ ਨਾਲ ਓਹ ਵੀ ਬੰਦ ਹੋਣੀ ਸ਼ੁਰੂ ਹੋ ਜਾਂਦੀ ਹੈ ਇਓਂ ਲਗਦੈ ਜਿਵੇਂ ਸਾਰਾ ਦਿਨ ਹਵਾ ਵਿਚ ਨਚਦੇ ਨਚਦੇ ਥੱਕ ਗਏ ਹੋਣ .. ਅਗਲੇ ਦਿਨ ਸੂਰਜ ਚੜ੍ਹਦਿਆਂ ਹੀ ਸਾਰੇ ਦੇ ਸਾਰੇ ਫੇਰ ਖੁਲ੍ਹਣ ਲੱਗ ਜਾਂਦੇ ਨੇ .. ਨਿੱਤ ਇਹ ਨਜ਼ਾਰਾ ਵੇਖਦਿਆ ਮੈਂ ਮੁੜ ਮੁੜ ਉਸੇ ਬਿੰਦੁ ਤੋਂ ਸ਼ੁਰੂ ਹੋ ਕੇ ਉਥੇ ਹੀ ਪਰਤ ਆਓਂਦੀ ਹਾਂ……

 

ਸੂਰਜ ਚੜ੍ਹਦਿਆਂ 
ਫੁੱਲਾਂ ਨੇ ਮੁੜ ਖੋਲ੍ਹੀਆਂ ਪੰਖੜੀਆਂ – 
ਨਾਨੀ ਦੀ ਮੁਸਕਾਨ

ਜਸਪ੍ਰੀਤ ਕੌਰ ਪਰਹਾਰ