ਮਸਾਂ ਅਠ ਕੁ ਸਾਲ ਦਾ ਸੀ ਮੈਂ …ਗਰਮੀਆਂ ਚ ਆਪਣੇ ਪਿੰਡ ਰਾਤ ਛੱਤ ਤੇ ਸੌਣਾ..ਮੇਰੇ ਨਿੱਕੇ ਅਤੇ ਵੱਡੇ ਭਰਾ ਨਾਲ ਇਹੋ ਲੜਾਈ ਹੋਣੀ ਕੇ ਦਾਦੀ ਨਾਲ ਅੱਜ ਮੈਂ ਸੌਵਾਂਗਾ…ਫਟਾਫਟ ਰੋਟੀ ਖਾਕੇ ਮਲੱਕ ਦੇਣੇ ਮੰਜੀ ਮੱਲ ਲੈਣੀ ..ਮੈਨੂ ਸੁਆਲ ਕਰਨ ਦੀ ਸ਼ੁਰੂ ਤੋਂ ਹੀ ਆਦਤ ਹੈ ਦਾਦੀ ਨੂੰ ਮੇਰੇ ਇਸ ਸੁਭਾਅ ਦਾ ਪਤਾ ਸੀ .ਇੱਕ ਸੁਆਲ ਵਿਚ ਵੀ ਮੇਰੇ ਕਈ ਸੁਆਲ ਹੁੰਦੇ .ਦਾਦੀ ਨੇ ਕਦੇ ਗੁੱਸਾ ਨਾ ਕਰਨਾ ਬੱਸ ਇਹੋ ਕਹਿਣਾ ਕੇ ਇੱਕ ਇੱਕ ਕਰਕੇ ਪੁਛਿਆ ਕਰ ਮੈਂ ਭੁੱਲ ਜਾਣੀ ਹਾਂ …ਸੁਆਲ ਵੀ ਅਜੀਬ ਹੁੰਦੇ ਸੀ …ਇਹ ਤਾਰੇ ਦੁਪਹਿਰ ਵਿਚ ਕਿਥੇ ਚਲੇ ਜਾਂਦੇ ਨੇ ? ਇਹ ਆਪਨੇ ਉੱਤੇ ਕਿਓਂ ਨੇ ਦਾਦੀ ? ਆਪਾਂ ਥੱਲੇ ਕਿਓਂ ਹਾਂ ਆਪਾਂ ਉੱਤੇ ਅਸਮਾਨ ਚ ਕਿਓਂ ਨਹੀ ? ਤਾਰੇ ਟੁੱਟ ਕੇ ਕਿਥੇ ਜਾਂਦੇ ਨੇ ?.ਦਾਦੀ ਨੇ ਮੇਰੇ ਮਥੇ ਨੂੰ ਚੁੰਮਣਾ ਤੇ ਕਹਿਣਾ ਕੇ ਤਾਰੇ ਜਦੋ ਟੁੱਟਦੇ ਨੇ ਤਾਂ ਬਚੇ ਬਣ ਜਾਂਦੇ ਨੇ ..ਫੇਰ ਓਹ ਵੱਡੇ ਹੁੰਦੇ ਨੇ ਫੇਰ ਬਜੁਰਗ ਹੁੰਦੇ ਨੇ ਤੇ ਫੇਰ ਮੁੜ ਤਾਰੇ ਬਣ ਜਾਂਦੇ ਨੇ …ਹਾਲਾਂਕਿ ਸਮਝ ਤਾਂ ਸ਼ਾਇਦ ਸੀ ਉਦੋਂ ..ਪਰ ਮੈਂ ਅਗਲਾ ਸੁਆਲ ਏਹੋ ਪੁਛਿਆ ਕੇ ਬੀਜੀ ,ਤੁਸੀਂ ਵੀ ਤਾਰਾ ਬਣ ਜਾਓਗੇ ?ਬੀਜੀ ਨੇ ਮੁਸ੍ਕੁਰਾਕੇ ਕਿਹਾ ,,ਬਿਲਕੁਲ …ਫੇਰ ਜਦੋਂ ਤੂ ਮੈਨੋ ਇੱਕ ਦਿਨ ਲਭ ਲਵੇਂਗਾ ਤਾਂ ਓਹ ਤਾਰਾ ਫੇਰ ਟੁੱਟ ਜਾਵੇਗਾ ਤੇ ਮੈਂ ਫੇਰ ਤੇਰੀ ਦਾਦੀ ਬਣ ਜਾਵਾਂਗੀ . .. ਮੈਂ ਘੁੱਟ ਕੇ ਦਾਦੀ ਨੂੰ ਜੱਫੀ ਪਾ ਲਈ ਤੇ ਹੌਲੀ ਜਿਹੇ ਕਿਹਾ ਬੀਜੀ ,ਤੁਸੀਂ ਤਾਰਾ ਨਾ ਬਣਿਓ ਤੁਸੀਂ ਮੇਰੇ ਕੋਲ ਹੀ ਰਹਿਣਾ ,ਮੈਂ ਤੁਹਾਨੂੰ ਕਿਤੇ ਨਹੀ ਜਾਨ ਦੇਣਾ …… ਉਸ ਰਾਤ ਮੈਂ ਕਿਨਾ ਚਿਰ ਤਾਰਿਆਂ ਵੱਲ ਦੇਖਦਾ ਰਿਹਾ , ਦਾਦੀ ਸੌਂ ਚੁੱਕੀ ਸੀ ਮੈਂ ਫਿਰ ਦਾਦੀ ਨਾਲ ਲੱਗ ਕੇ ਆਪਣੀਆਂ ਅਖਾਂ ਮੀਚ ਲੀਆਂ .. ਪਲਕਾਂ ਬੰਦ ਕਰਨ ਤੇ ਵੀ ਮੈਨੂ ਤਾਰੇ ਹੀ ਦਿਸ ਰਹੇ ਸੀ …ਉਸ ਰਾਤ ਪਤਾ ਹੀ ਨਹੀ ਲੱਗਾ ਮੈਨੂ ਕਦੋ ਨੀਂਦ ਆ ਗਈ …..ਅੱਜ ਦਾਦੀ ਨੂੰ ਸੁਰਗਵਾਸ ਹੋਏ ਲਗਭਗ ਅਠ ਸਾਲ ਹੋ ਗਏ ਨੇ …ਕਦੇ ਪਿੰਡ ਜਾਕੇ ਛੱਤ ਉੱਪਰ ਨਹੀ ਸੁੱਤਾ…..

ਹਲਕੀ ਕਿਣਮਿਣ –
ਮੇਰੀਆਂ ਸਿੱਲੀਆਂ ਪਲਕਾਂ ਅੰਦਰ 
ਇੱਕ ਟੁੱਟਿਆ ਤਾਰਾ

ਅਮਿਤ ਸ਼ਰਮਾ