ਥੋਡੇ ਯਾਦ ਆ ਉਹ ਪੁਰਾਣੇ ਵੇਲੇ ?…ਜਦੋਂ ਹਾਲੇ ਮਸ਼ੀਨਰੀ ਨਹੀਂ ਆਈ ਸੀ ਤੇ ਖੇਤੀ ਦਾ ਸਾਰਾ ਕੰਮ ਹੱਥੀਂ ਕਰਨਾ ਪੈਂਦਾ ਸੀ ..ਵੱਡੇ ਤੜਕੇ ਤੋਂ ਲੈ ਆਥਣ ਤੱਕ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਸੀ ..ਵੱਡੀਆਂ ਵੱਡੀਆਂ ਦੇਹਾਂ ਹੁੰਦੀਆਂ ਸਨ ਬੰਦਿਆਂ ਦੀਆਂ ਤੇ ਖਾਧ ਖੁਰਾਕ ਵੀ ਖੁੱਲੀ ਹੁੰਦੀ ਸੀ ..ਰੋਟੀ ਪਿਛੋਂ ਪੰਸੇਰੀ ਪੰਸੇਰੀ ਗੁੜ ਦਾ ਕੜਾਹ ਖਾ ਜਾਂਦੇ ਸਨ ਪੁਰਾਣੇ ਬੁੜੇ !!
ਲੈ ਮੇਰੇ ਇੱਕ ਗੱਲ ਯਾਦ ਆ ਗਈ ..ਸਾਡੇ ਪਿੰਡ ਦਾ ਇੱਕ ਲਾਭਾ ਹੁੰਦਾ ਸੀ ..ਚੰਗਾ ਹੁੰਦੜਹੇਲ !..ਪਹਿਲੀ ਕੇ ਦੂਜੀ ਵਾਰ ਸਹੁਰੀਂ ਗਿਆ …ਸੱਸ ਨੇ ਹਾਰੇ ਵਿੱਚ ਹੀ ਕਾੜਨੀ ‘ਚ ਚੌਲ ਪਾ ਦਿੱਤੇ ਖੀਰ ਬਣਾਉਣ ਵਾਸਤੇ ..ਆਥਣ ਤਾਈਂ ਖੀਰ ਖੋਏ ਵਰਗੀ ਬਣ ਗਈ ..ਦੁੱਧ ਵਾਧੂ ਹੋਣ ਕਰਕੇ ਸੀ ਪਤਲੀ ਹੀ ..ਲਾਭੇ ਨੇ ਮਸਾਂ ਸਮਾਂ ਟਪਾਇਆ ਕਿ ਕਦੋਂ ਖੀਰ ਠੰਡੀ ਹੋਵੇ ..ਆਖਰ ਜਦੋਂ ਕੋਸੀ ਜਿਹੀ ਰਹੀ ਗਈ ਤਾਂ ਉਸਨੇ ਤੌੜੀ ਹੀ ਚੁੱਕ ਕੇ ਮੂੰਹ ਨੂੰ ਲਾ ਲਈ..ਤੇ ਸਾਰੀ ਖੀਰ ਖਾ ਗਿਆ ਜਾਂ ਕਹਿ ਲਈਏ ਕਿ ਪੀ ਗਿਆ ..ਮਗਰੋਂ ਨਿਆਣੇ ਖੀਰ ਨੂੰ ਰੋਣ…ਬੁੜੀ ਇੱਕ ਨਿਆਣੇ ਨੂੰ ਝਈ ਲੈ ਕੇ ਕਹਿੰਦੀ ..”ਵੇ ਕਰਦੈਂ ਚੁੱਪ ,ਕਿ ਸਿੱਟਾਂ ਲਾਭ ਸਿਓਂ ਮੂਹਰੇ ….!!!!!”

ਫੁੱਲਾਂ ਵਾਲੀ ਚਾਦਰ
ਡੀਕ ਲਾ ਕੇ ਪੀ ਗਿਆ ਲਾਭਾ
ਖੀਰ ਦੀ ਤੌੜੀ

ਹਰਵਿੰਦਰ ਧਾਲੀਵਾਲ