ਰਾਤ ਬਹੁਤ ਕਾਲੀ ਸੀ ਪਰ ਅਸਮਾਨ ‘ਚ ਅੱਧਾ ਚੰਨ ਵੀ ਚੜ੍ਹਿਆ ਹੋਇਆ ਸੀ …ਹਰ ਰੋਜ਼ ਵਾਂਗਰਾਂ ਮੈਂ ਸੈਰ ਕਰਦਾ ਉਸੇ ਰਾਹ ਤੁਰਿਆ ਜਾ ਰਿਹਾ ਸਾਂ … ਖੱਬੇ ਮੁੜਿਆ ਤਾਂ ਸੜਕ ਬਿਲਕੁਲ ਖਾਲੀ ਸੀ … ਕੁਦਰਤਨ ਇੱਕ ਸਟ੍ਰੀਟ ਲਾਈਟ ਬਲ ਰਹੀ ਸੀ … ਇੱਕ ਦੋ ਕੁੱਤੇ ਵੀ ਸਨ ਪਰ ਓਹ ਵੀ ਸ਼ਾਂਤ …. ਕਦੇ ਕਦੇ ਚੌਕੀਦਾਰ ਦੀ ਸੋਟੀ ਦਾ ਖੜਾਕ ਸੁਣਦਾ ਸੀ … ਪਰ ਮੈਂ ਆਪਣੇ ਹੀ ਖਿਆਲਾਂ ਚ ਮਸਤ ਤੁਰਦਾ ਜਾ ਰਿਹਾ ਸਾਂ .. ਮੇਰੀ ਨਜ਼ਰ ਉਪਰ ਚੰਨ ਵੱਲ ਵਧ ਰਹੀ ਸੀ ਤੇ ਹਨੇਰਾ ਧਰਤ ਵੱਲ … ਮੱਠੀ-ਮੱਠੀ ਹਵਾ ‘ਚ ਤੁਰਦਾ ਤੁਰਦਾ ਮੈਂ ਬਹੁਤ ਦੂਰ ਪਹੁੰਚ ਗਿਆ … ਹਵਾ ਤੇਜ਼ ਹੋ ਰਹੀ ਸੀ ….ਤੇ ਸੰਘਣੀ ਹੁੰਦੀ ਜਾ ਰਹੀ ਬੱਦਲਵਾਈ ਨਾਲ ਚੰਨ ਵੀ ਨੈਣਾ ਤੋਂ ਓਝਲ ਹੋ ਗਿਆ ਸੀ … ਜਦੋਂ ਮੁੜਨ ਲਗਿਆ ਤਾਂ ਨਜ਼ਰ ਸਾਹਮਣੇ ਇੱਕ ਚੁਬਾਰੇ ਤੇ ਜਾ ਟਿਕੀ.. ਅਚਾਨਕ ਤੇਜ਼ ਹਵਾ ਦੇ ਬੁੱਲੇ ਨਾਲ ਚੁਬਾਰੇ ਦੀ ਖਿੜਕੀ ਦੇ ਤਖਤੇ ਆਪਸ ਚ ਟਕਰਾ ਕੇ ਬੰਦ ਹੋ ਗਏ … ਖਿੜਕੀ ਖੋਲ੍ਹਣ ਲਈ ਦੋ ਗੋਰੇ ਹੱਥ ਤੇ ਕਾਲੇ ਵਾਲਾਂ ਵਿਚ ਲਿਪਟਿਆ ਅੱਧਾ ਮੁੱਖੜਾ ਬਾਹਰ ਆਇਆ .. ਯੱਕਦਮ ਫੇਰ ਅਸਮਾਨੀ ਬਿਜਲੀ ਲਿਸ਼ਕ ਪਈ … ਓਹ ਮੁਸਕੁਰਾਉਂਦੀ ਹੋਈ ਬੋਲੀ “ਬਾਹਰ ਬੱਦਲ ਹੀ ਬੱਦਲ ਨੇ ” ਤੇਜ਼ ਹਵਾ ਨਾਲ ਖਿੜਕੀ ਦਾ ਇੱਕ ਤਖਤਾ ਫਿਰ ਖੜਕਿਆ ..ਥੋੜ੍ਹੀ ਦੂਰ ਜਾਕੇ ਜਦੋਂ ਮੈਂ ਫੇਰ ਇੱਕ ਵਾਰ ਪਿਛੇ ਮੁੜ ਕੇ ਵੇਖਿਆ ਤਾਂ ਖਿੜਕੀ ਅੱਧੀ ਖੁਲ੍ਹੀ ਹੋਈ ਸੀ ……ਹਲਕੀ ਕਿਣਮਿਣ ਵੀ ਸ਼ੁਰੂ ਹੋ ਗਈ..ਰੁਕਣ ਦੀ ਬਜਾਏ ਮੈਂ ਵਾਪਿਸ ਤੁਰਦਾ ਰਿਹਾ ..ਮੈਂ ਅਸਮਾਨ ਵੱਲ ਦੇਖ ਕੇ ਨਿਮ੍ਹਾ ਜਿਹਾ ਮੁਸਕਰਾਇਆ …..ਆਪਣੇ ਘਰ ਤਕ ਪਹੁੰਚਦਿਆਂ ਮੈਂ ਪੂਰਾ ਭਿੱਜ ਚੁਕਾ ਸੀ .. ਉੱਪਰ ਦੁਬਾਰਾ ਦੇਖਿਆ ਤਾਂ ਅਸਮਾਨ ਦਾ ਚੰਨ ਕਿਧਰੇ ਬੱਦਲਾਂ ਚ ਲੁੱਕ ਗਿਆ ….ਕਿਣਮਿਣ ਹੁਣ ਬਾਰਿਸ਼ ਬਣ ਗਈ ਸੀ …

ਅੱਧ-ਖੁਲ੍ਹੀ ਖਿੜਕੀ ਵਿਚ 
ਉਸਦਾ ਮੁਸਕਰਾਉਂਦਾ ਚਿਹਰਾ –
ਲੁਕਿਆ ਚੰਨ

ਅਮਿਤ ਸ਼ਰਮਾ