ਜਾਮਣ ਦਾ ਤਣਾ ਕੋਈ ਪੰਦਰਾਂ ਕੁ ਫੁੱਟ ਤੱਕ ਬਿਲਕੁਲ ਗੋਲ ਗੇਲੀ ਵਾਂਗ ਸੀ ਤੇ ਉਸ ਤੋਂ ਉੱਪਰ ਦੁਸਾਂਗੜ ਸ਼ੁਰੂ ਹੁੰਦੇ ਸਨ . ਤੇ ਉਹ ਦਸ ਕੁ ਸਾਲਾਂ ਦੀ ਗੁੱਜਰ ਕੁੜੀ ਮੁੱਖ ਦੁਸਾਂਗੜ ਦੇ ਐਨ ਨੇੜੇ ਤੱਕ ਪੁੱਜ ਜਾਂਦੀ ਪਰ ਕੋਈ ਫੋਡਾ ਨਾ ਮਿਲਣ ਕਾਰਨ ਥੱਲੇ ਖਿਸਕ ਆਉਂਦੀ. ਮੈਂ ਉਸਦੀ ਫੋਟੋ ਖਿੱਚਣੀ ਚਾਹੁੰਦਾ ਸੀ. ਨੇੜੇ ਗਿਆ ਤਾਂ ਉਹ ਮੇਰਾ ਮਕਸਦ ਤੁਰਤ ਤਾੜ ਗਈ ਤੇ ਮੈਨੂੰ ਲੱਗਿਆ ਜਿਵੇਂ ਫੋਟੋ ਤੋਂ ਬਚਣ ਲਈ ਉਸ ਵਿੱਚ ਬੇਤਹਾਸਾ ਤਾਕਤ ਉਮੜ ਆਈ ਹੋਵੇ ਤੇ ਉਹ ਅੱਖ ਦੇ ਫੋਰੇ ਵਿੱਚ ਸਭ ਰੁਕਾਵਟਾਂ ਪਾਰ ਕਰ ਆਪਣੀ ਛੋਟੀ ਸਹੇਲੀ ਕੋਲ ਜਾ ਪਹੁੰਚੀ ਜੋ ਜਾਮਣਾਂ ਨਾਲ ਆਪਣੀ ਝੋਲੀ ਵੀ ਭਰੀ ਜਾ ਰਹੀ ਸੀ ਤੇ ਨਾਲ ਨਾਲ ਗੂੜ੍ਹੀਆਂ ਕਾਲੀਆਂ ਪਰਸੋਂ ਦੇ ਮੀਂਹ ਨਾਲ ਪੱਕੀਆਂ ਜਾਮਣਾ ਖਾਈ ਜਾਂਦੀ ਸੀ. ਮੇਰੀ ਮੌਜੂਦਗੀ ਤੋਂ ਪੂਰੀ ਤਰ੍ਹਾਂ ਬਾਖਬਰ ਵੱਡੀ ਕੁੜੀ ਦੀ ਆਵਾਜ਼ ਮੇਰੇ ਕੰਨੀਂ ਪਈ.
‘ਅੰਕਲ , ਜਾਮਣਾਂ ਖਾਉਗੇ .” ਠੇਠ ਪੰਜਾਬੀ ‘ਚ ਮਾਸੂਮ ਜਿਹੀ ਇਹ ਦਰਿਆਦਿਲੀ ਨੇ ਠੰਡੀ ਫੁਹਾਰ ਵਰਾ ਦਿੱਤੀ .

ਸੜਕ ਕਿਨਾਰਾ
ਸਿਖਰ ਚੜ੍ਹੀ ਜਾਮਣਾਂ ਤੋੜੇ
ਇੱਕ ਗੁੱਜਰ ਕੁੜੀ

ਚਰਨ ਗਿੱਲ

ਇਸ਼ਤਿਹਾਰ