ਨਿੱਕਾ ਬੱਚਾ ਨਿੱਕੀ ਪੰਘੂੜੀ ਤੇ ਪਿਆ ‘ਗੂਠਾ ਚੁੰਘ ਰਿਹਾ ਹੈ ਤੇ ਉੱਪਰ ਪਿੱਪਲ ਦੇ ਪੱਤਿਆਂ ਵਿੱਚੀਂ ਰੱਬ ਦੇਖ ਰਿਹਾ ਹੈ . ਪਿੱਪਲ ਹੇਠਾਂ ਹੋਰ ਬੱਚਿਆਂ ਨਾਲ ਰੋੜੇ ਖੇਡ ਰਿਹਾ ਹੈ .. ਪੀਚੋ ਬੱਕਰੀ .. ਪਿਠੂ ਤੇ ਹੋਰ ਖੇਡਾਂ ਵਾਰੀ ਵਾਰੀ ; ਦਹੀਂ ਨਾਲ ਮੱਕੀ ਦੀ ਰੋਟੀ ਖਾ ਰਿਹਾ ਹੈ ਤੇ ਕਾਂ ਨੇ ਆਪਣੀ ਕਲਾ ਦਾ ਜੌਹਰ ਦਿਖਾ ਦਿੱਤਾ ਹੈ .. ਹੁਣ ਪਿੱਪਲ ਦੇ ਮੋਟੇ ਟਾਹਣੇ ਤੇ ਬੈਠਾ ਬੱਚੇ ਨਾਲ ਮਸਕਰੀਆਂ ਕਰਦਾ ਹੈ. ਛਤਰੋ ਭੂਆ ਪਿੱਪਲ ਹੇਠਲੇ ਨਲਕੇ ਤੋਂ ਪਾਣੀ ਪੀਂਦੀ ਹੈ .ਇੱਕ ਹਥ ਨਾਲ ਹਥੀ ਗੇੜਦੀ ਹੈ ਤੇ ਦੂਜੇ ਨਾਲ ਨਲਕੇ ਦੀ ਬੂਥੀ ਬੰਦ ਕਰ ਕੇ ਮੂੰਹ ਨਾਲ ਪਾਣੀ ਛੜਾਕ ਰਹੀ ਹੈ . ਦੁਪਹਿਰਾ ਕੱਟਣ ਲਈ ਬਾਬਾ ਭਗਤਾ ਵੀ ਆਪਣਾ ਬਾਣ ਦਾ ਮੰਜਾ ਲੈ ਆਇਆ ਹੈ ਤੇ ਨੰਗੇ ਢਿਡ ਪਿਆ ਸਸਤਾ ਰਿਹਾ ਹੈ ਤੇ ਕਾਂ ਨੇ ਉਹਦੀ ਐਨ ਤੁੰਨ ਦਾ ਨਿਸ਼ਾਨਾ ਵਿੰਨ੍ਹ ਕੇ ਬਿੱਠ ਕਰ ਦਿੱਤੀ ਹੈ .. ਉਹ ਕਾਂ ਨੂੰ ਗਾਲਾਂ ਕਢਦਾ ਹੈ .. ਇੱਕ ਡੀਟੀ ਵਗਾਹ ਮਾਰਦਾ ਹੈ . ਪਰ ਕਾਂ ਬਾਜ ਨਹੀਂ ਆਉਂਦਾ.

ਟਿਕੀ ਦੁਪਹਿਰ
ਗਿੱਟਮਿੱਟ ਗਿੱਟਮਿੱਟ ਕਰਦੇ 
ਪਿੱਪਲ ਦੇ ਪੱਤੇ

ਚਰਨ ਗਿੱਲ