ਅਜੀਤਵਾਲ ਪੈਟ੍ਰੋਲ ਪੰਪ ਤੇ ਖੜ੍ਹਾ ਦਿੱਲੀ ਏਅਰਪੋਰਟ ਜਾਣ ਵਾਲੀ ਇੰਡੋ-ਕਨੇਡੀਅਨ ਬੱਸ ਦਾ ਇੰਤਜ਼ਾਰ ਕਰ ਰਿਹਾ ਸਾਂ | ਮੇਰਾ ਭਰਾ ਅਤੇ ਭਤੀਜਾ ਮੈਨੂੰ ਛੱਡਣ ਆਏ ਸਨ | ਇੱਕ ਸਬ੍ਜ਼ੀ ਵੇਚਣ ਵਾਲਾ ਆਪਣੀ ਪੁਰਾਣੀ ਜਿਹੀ ਮੋਪੇਡ ‘ਚ ਪੰਪ ਤੋਂ ਪੈਟ੍ਰੋਲ ਭਰ ਰਿਹਾ ਸੀ | ਮੈਨੂੰ ਸ਼ੱਕ ਜਿਹਾ ਹੋਇਆ ਕਿ ਉਹ ਮੇਰੇ ਵੱਲ ਨੂੰ ਐਨੀ ਨੀਝ ਲਾ ਕੇ ਕਿਉਂ ਦੇਖ ਰਿਹਾ ਹੈ? ਪੰਪ ਵਾਲੇ ਨੂੰ ਪੈਸੇ ਦੇ ਕੇ ਉਸ ਨੇ ਮੋਪੇਡ ਇੱਕ ਪਾਸੇ ਖੜ੍ਹੀ ਕਰ ਦਿੱਤੀ | ਮੇਰੀ ਜਗਿਆਸਾ ਉਸ ਸ਼ਖਸ ਲਈ ਹੋਰ ਵੀ ਵਧ ਗਈ | ਮੈਂ ਹੌਲੀ ਹੌਲੀ ਆਪਣੇ ਕਦਮ ਉਸ ਵੱਲ ਵਧਾਏ… ਅਤੇ ਅਚਾਨਕ ਉਸ ਦੇ ਚਿਹਰੇ ਤੇ ਇੱਕ ਚਮਕ ਜਿਹੀ ਦਿਖਾਈ ਦਿਤੀ…ਮੈਂ ਆਪਣਾ ਹੱਥ ਅੱਗੇ ਵਧਾਇਆ ਤੇ ਪੁਛਿਆ , “ਤੂੰ ਯਾਰ ਉਹ ਮਦੋਕਿਆਂ ਵਾਲਾ ਨਹੀਂ ?….” ਹੱਥ ਮਿਲਾਉਣ ਵੇਲੇ ਉਸ ਕਿਹਾ, “ਮੈਂ ਤਾਂ ਸੋਚਿਆ ਯਾਰ ਤੂੰ ਭੁੱਲ ਭੁਲਾ ਦਿੱਤਾ ਹੋਣਾ , ਤੂੰ ਤਾਂ ਮੈਨੂੰ ਪਛਾਣ ਲਿਆ ਯਾਰ, ਕਿਥੇ ਰਹਿਨੈਂ….ਕੀ ਕੰਮ ਕਾਰ ਐ… ਕੀ ਬਾਲ-ਬੱਚੇ ਆ …? …. ਮੇਰਾ ਗੱਚ ਭਰ ਆਇਆ …….. ਨਾਰਵੇ …ਬਾਈ ਤਿੰਨ ਗੁੱਡੀਆਂ ਮੇਰੀਆਂ….ਕੰਮ ਕਾਰ ਵੀ ਠੀਕ ਆ…. ਉਧਰੋਂ ਇੰਡੋ ਕਨੇਡੀਅਨ ਆ ਗਈ ….. ਅਸੀਂ ਢੁੱਡੀਕੇ ਦੇ ਸਕੂਲ ਚ ਨੌਵੀੰ ਅਤੇ ਦਸਵੀਂ ‘ਕੱਠੇ ਪੜ੍ਹੇ ਸਾਂ ! ਕੋਈ ਸਤਾਰਾਂ-ਅਠਾਰਾਂ ਸਾਲਾਂ ਬਾਦ ਮਿਲੇ ਸਾਂ…. ਅਤੇ ਫਿਰ ਆਪੋ-ਆਪਣੀ ਦੁਨੀਆ ‘ਚ ਗੁਆਚ ਗਏ !! 

ਸੁਪਨੇ ਵਾਂਗੂੰ–
ਮਿਲ ਕੇ ਵਿਛੜਿਆ 
ਇੱਕ ਪੁਰਾਣਾ ਬੇਲੀ 

ਜਗਰਾਜ ਸਿੰਘ ਨਾਰਵੇ