ਸਾਰੇ ਦਿਨ ਦੇ ਸਫ਼ਰ ਨਾਲ ਥਕੇਵਾਂ ਜਿਹਾ ਹੋ ਰਿਹਾ ਸੀ। ਜੀ ਟੀ ਰੋਡ ਤੇ ਬਣੇ ਢਾਬੇ ਤੇ ਅਸੀਂ ਚਾਹ ਪੀਣ ਲਈ ਰੁਕ ਗਏ। ਡੁਗ-ਡੁਗੀ ਵੱਜ ਰਹੀ ਸੀ। ਪਤਾ ਲੱਗਿਆ ਕਿ ਕੋਈ ਤਮਾਸ਼ਾਗਰ ਤਮਾਸ਼ਾ ਕਰਨ ਲੱਗਾ ਹੈ। ਡਰਾਈਵਰ ਚਾਹ ਲਈ ਕਹਿਣ ਚਲਿਆ ਗਿਆ ਅਤੇ ਅਸੀਂ ਕਾਰ ਵਿੱਚ ਬੈਠੇ ਤਮਾਸ਼ਾ ਦੇਖਣ ਲੱਗ ਪਏ। ਅਧੇੜ ਉਮਰ ਦਾ ਆਦਮੀ ਅਪਣੀ 8-9 ਵਰ੍ਹਿਆਂ ਦੀ ਧੀ ਅਤੇ ਇੱਕ ਬਾਂਦਰ ਨਾਲ ਤਰ੍ਹਾਂ ਤਰ੍ਹਾਂ ਦੇ ਕਰਤਬ ਦਿਖਾ ਰਿਹਾ ਹੈ। ਉਸਨੇ ਨੇ ਕੁੜੀ ਨੂੰ ਮੋਢਿਆਂ ਉੱਪਰ ਚੁੱਕ ਕੇ ਬਾਂਸ ਦੇ ਖੰਭਿਆਂ ਵਿਚਕਾਰ ਤਣੀਆਂ ਰੱਸੀਆਂ ਵਿੱਚੋਂ ਇੱਕ ਤੇ ਚੜ੍ਹਾ ਦਿੱਤਾ। ਡੋਲਦੀ ਰੱਸੀ ਨੂੰ ਕੁੜੀ ਦੇ ਨਿੱਕੇ ਪੈਰਾਂ ਨੇ ਘੁੱਟ ਕੇ ਨਾਲ ਲਾ ਲਿਆ ਤੇ ਪਲਾਂ ਵਿੱਚ ਦੋਵੇਂ ਸਹਿਜ ਹੋ ਗਏ। ਕੁੜੀ ਰੱਸੀ ਤੇ ਤੁਰਦੀ ਅਤੇ ਨਾਲ ਦੀ ਛੋਟੀ ਰੱਸੀ ਤੇ ਤੁਰਦਾ ਬਾਂਦਰ ਕੁੜੀ ਦੀਆਂ ਸਾਂਗਾਂ ਲਾ ਕੇ ਲੋਕਾਂ ਨੂੰ ਹਸਾਉਂਦਾ।

ਤੇਰੀ ਤਾਲ ਤੇ ਮੈਂ

ਜਿੰਦਗੀ ਤਾਲੇ ਤੂੰ

ਦੋਵੇਂ ਨੱਚ ਰਹੇ

ਹਰ ਗੇੜੇ ਨਵਾਂ ਕਰਤਬ ਦਿਖਾਉਣ ਲਈ ਤਮਾਸ਼ੇ ਵਾਲਾ ਬਾਂਸ ਦੇ ਖੰਭੇ  ਨੇੜੇ ਕਰ ਕੇ ਰੱਸੀ ਹੋਰ ਊਚੀ ਚੁੱਕ ਦਿੰਦਾ। ਕਰਦੇ ਕਰਦੇ ਰੱਸੀ ਕਾਫੀ ਊਚੀ ਹੋ ਗਈ। ਕੁੜੀ ਨੇ ਹਥਲਾ ਬਾਂਸ ਸੁੱਟ ਦਿੱਤਾ ਅਤੇ ਇੱਕ ਥਾਲੀ ਲੈ ਕੇ ਪੈਰਾਂ ਵਿੱਚ ਰੱਖ ਲਈ। ਤਮਾਸ਼ੇ ਵਾਲੇ ਦੇ ਚਹਿਰੇ ਤੇ ਡਰ ਅਤੇ ਫਿਕਰ ਸੀ ਅਤੇ ਉਸਦਾ ਬਾਂਦਰ ਵੀ ਹੁਣ ਜ਼ਮੀਨ ਤੇ ਸਿਰ ਫ਼ੜਕੇ ਬੈਠਾ ਕੁੜੀ ਨੂੰ ਦੇਖਣ ਲੱਗ ਪਿਆ। ਇਧਰ ਕੁੜੀ ਜ਼ਰਾ ਕੁ ਡੋਲਦੀ ਉਧਰ ਜਮ੍ਹਾ ਹੋਏ ਲੋਕਾਂ ਦਾ ਤ੍ਰਾਹ ਨਿਕਲ ਜਾਂਦਾ।

ਅੱਧ ਅਸਮਾਨੀਂ ਰੱਸੀ’ਤੇ

ਬਾਜੀਗਰ ਦੇ ਪੈਰਾਂ ਨਾਲ ਡੋਲਦੇ

ਤਮਾਸ਼ਬੀਨਾਂ ਦੇ ਸਾਹ

ਤਮਾਸ਼ਾ ਖਤਮ ਹੋ ਗਿਆ। ਅਪਣੀ ਮਹਿਨਤ ਲੈਣ ਕੁੜੀ ਗੱਡੀ ਦੇ ਸ਼ੀਸ਼ੇ ਕੋਲ ਆ ਗਈ। “ਤੈਨੂੰ ਡਰ ਨੀ ਲੱਗਦਾ?” ਮੈਂ ਪੁੱਛਿਆ। “ਭੂਖ ਭੀ ਤੋ ਲਗਤੀ ਹੈ” ਐਡੇ ਹੁਨਰ ਦੀ ਮਾਲਕ ਨੇ ਮੰਗਤਿਆਂ ਵਾਲੇ ਅੰਦਾਜ਼ ਵਿਚ ਜਵਾਬ ਦੇ ਕੇ ਮੈਨੂੰ ਚੁੱਪ ਕਰਾ ਦਿੱਤਾ ਤੇ ਪੇਸੇ ਲੈ ਕੇ ਹੋਰ ਗੱਡੀਆਂ ਵੱਲ ਚਲੀ ਗਈ।

سارے دن دے سفر نال تھکیواں جیہا ہو رہا سی۔ جی ٹی روڈ تے بنے ڈھابے تے اسیں چاہ پین لئی رک گئے۔ ڈگ-ڈگی وجع رہی سی۔ پتہ لگیا کہ کوئی تماشاگر تماشہ کرن لگا ہے۔ ڈرائیور چاہ لئی کہن چلیا گیا اتے اسیں کار وچّ بیٹھے تماشہ دیکھن لگّ پئے۔ ادھیڑ عمر دا آدمی اپنی 8-9 ورھیاں دی دھی اتے اک باندر نال طرحاں طرحاں دے کرتب دکھا رہا ہے۔ اسنے نے کڑی نوں موڈھیاں اپر چکّ کے بانس دے کھمبھیاں وچکار تنیاں رسیاں وچوں اک تے چڑھا دتا۔ ڈولدی رسی نوں کڑی دے نکے پیراں نے گھٹّ کے نال لا لیا تے پلاں وچّ دوویں سہج ہو گئے۔ کڑی رسی تے تردی اتے نال دی چھوٹی رسی تے تردا باندر کڑی دیاں سانگاں لا کے لوکاں نوں ہساؤندا۔

تیری تال تے میں

زندگی تالے توں

دوویں نچّ رہے

ہر گیڑے نواں کرتب دکھاؤن لئی تماشے والا بانس دے کھمبھے  نیڑے کر کے رسی ہور اوچی چکّ دندا۔ کردے کردے رسی کافی اوچی ہو گئی۔ کڑی نے ہتھلا بانس سٹّ دتا اتے اک تھالی لے کے پیراں وچّ رکھ لئی۔ تماشے والے دے چہرے تے ڈر اتے فکر سی اتے اسدا باندر وی ہن زمین تے سر فڑکے بیٹھا کڑی نوں دیکھن لگّ پیا۔ ادھر کڑی ذرا کو ڈولدی ادھر جمع ہوئے لوکاں دا تراہ نکل جاندا۔

ادھ اسمانیں رسی’تے

بازی گر دے پیراں نال ڈولدے

تماشبیناں دے ساہ

تماشہ ختم ہو گیا۔ اپنی مہنت لین کڑی گڈی دے شیشے کول آ گئی۔ “تینوں ڈر نی لگدا؟” میں پچھیا۔ “بھوکھ بھی تو لگتی ہے” ایڈے ہنر دی مالک نے منگتیاں والے انداز وچ جواب دے کے مینوں چپّ کرا دتا تے پیسے لے کے ہور گڈیاں ولّ چلی گئی۔

تسجوت