ਕਿਸ਼ਤ ੬ : ਸੰਖੇਪਤਾ (brevity)

ਹਾਇਕੂ ਨੂੰ ਦੁਨੀਆਂ ਵਿਚ ਸਭ ਤੋਂ ਸੰਖਿਪਤ ਕਾਵਿਕ ਰੂਪ ਮੰਨਿਆ ਜਾਂਦਾ ਹੈ।  ਘੱਟ ਤੋਂ ਘੱਟ ਸ਼ਬਦਾਂ ਵਿਚ ਕਹੀ ਕਵਿਤਾ। ਪਰ ਇਸ ਅੰਦਰ ਇਕ ਅਣੂ ਵਾਂਗ ਅਥਾਹ ਸੂਖਮ-ਸੁਹਜ ਸ਼ਕਤੀ ਹੁੰਦੀ ਹੈ। ਸੰਖੇਪਤਾ ਹਾਇਕੂ ਨੂੰ ਬਹੁ-ਅਰਥੀ ਬਣਾ ਦਿੰਦੀ ਹੈ। ਇਸ ਵਿਚ ਕਹੇ ਨਾਲੋਂ ਅਣਕਿਹਾ ਵਧੇਰੇ ਹੁੰਦਾ ਹੈ। ਜੋ ਅਣਕਿਹਾ ਹੁੰਦਾ ਹੈ ਉਹ ਪਾਠਕ ਲਈ ਹਾਇਕੂ ਦੇ ਅੰਤਰ-ਪਰਵੇਸ਼ ਲਈ ਦੁਆਰ ਦਾ ਕੰਮ ਕਰਦਾ ਹੈ। ਪਾਠਕ ਅਪਣੀ ਕਲਪਣਾ ਨਾਲ਼ ਹਾਇਕੂ ਦੀਆਂ ਪਰਤਾਂ ਖੋਲ੍ਹਦਾ ਹੋਇਆ ਅਨੇਕਾਂ ਰੰਗ ਭਰ ਲੈਂਦਾ ਹੈ। ਇਸ ਦੇ ਸੰਖੇਪ ਵਿਧਾਨ ਵਿਚ ਅਪਣੇ ਵੱਖੋ ਵੱਖਰੇ ਹਿੱਸਿਆਂ ਵਿਚ ਖਿੱਚਾਓ (tension) ਅਤੇ ਗੂੰਜ (resonance) ਪੈਦਾ ਕਰਨ ਦੀ ਸਮਰੱਥ ਹੈ। ਹਾਇਕੂ ਵਿਚ ਧੁਨੀ-ਪ੍ਰਭਾਵ ਵਧਾਉਣ ਲਈ ਅਨੁਪ੍ਰਾਸ ਅਲੰਕਾਰ (alliteration) ਅਤੇ ਝੰਕਾਰ (assonance) ਦੀ ਵਰਤੋਂ ਵੀ ਕੀਤੀ ਜਾਂਦੀ ਹੈ

ਕਵਿਤਾ ਦੀਆਂ ਦੂਜੀਆਂ ਸਿਨਫਾਂ ਵਿਚ ਕਵੀ ਕੋਲ਼ ਅਪਣੇ ਅਨੁਭਵ ਨੂੰ ਸਮਝਾਉਣ ਦੀ ਖੁੱਲ੍ਹ ਹੁੰਦੀ ਹੈ ਪਰ ਹਾਇਕੂ ਵਿਚ ਵਿਸ਼ਲੇਸ਼ਣ (analysis), ਵਿਖਿਆਨ ( explanation) ਅਮੂਰਤਤਾ(abstractions) ਅਤੇ ਸਧਾਰਨੀਕਰਨ (generalization) ਨਹੀਂ ਕੀਤਾ ਹੁੰਦਾ ਅਤੇ ਨਾ ਹੀ ਵਾਧੂ ਵਿਸ਼ੇਸ਼ਣ ਵਰਤੇ ਜਾਂਦੇ ਹਨ। ਹਾਇਕੂ ਇਕ ਤਿੱਖਾ ਬਿਆਨ ਹੈ ਜਿਸ ਵਿਚ ਵਿਸ਼ੇ ਤੋਂ ਥਿੜਕਣ (digressions) ਜਾਂ ਦਿਲਭੁਲਾਵੇ (distractions) ਦੀ ਕੋਈ ਥਾਂ ਨਹੀਂ ਵਿਲਿਅਮ ਹਿਗਨਸਨ ਅਪਣੀ ਪੁਸਤਕ Haiku Handbook ਵਿਚ ਲਿਖਦਾ ਹੈ “ The brevity of haiku forces a deeper, more disciplined approach to language than any other kind of writing” ਭਾਵ ਹਾਇਕੂ ਦੀ ਸੰਖੇਪਤਾ ਲਈ ਲੇਖਕ ਨੂੰ ਭਾਸ਼ਾ ਦੀ ਡੂੰਘੀ ਸਮਝ ਲੋੜੀਂਦੀ ਹੈ। ਹਰ ਸ਼ਬਦ ਦੀ ਅਪਣੀ ਹੀ ਮਹੱਤਤਾ ਹੈ। ਇਕ ਵੀ ਵਾਧੂ ਸ਼ਬਦ ਜਾਂ ਵਾਧੂ ਜਾਣਕਾਰੀ ਹਾਇਕੂ ਦੇ ਧਿਆਨ ਦੀ ਇਕਾਗਰਤਾ ਨੂੰ ਭੰਗ ਕਰਦੀ ਹੈ ਅਤੇ ਪ੍ਰਭਾਵ ਨੂੰ ਪਤਲਾ ਪਾ ਦੇਂਦੀ ਹੈ। ਹਾਇਕੂ ਤਾਂ ਬਹੁਤ ਹੀ ਸੁਨਿਸ਼ਚਤ (exacting) ਕਾਵਿ ਵਿਧਾ ਹੈ। ਜਿਸ ਵਿਚ ਬਿੰਬਾਂ ਅਤੇ ਪਰਭਾਵਾਂ ਦੀ ਬਹੁਤਾਤ ਸਮਾ ਹੀ ਨਹੀਂ ਸਕਦੀ। ਹਾਇਕੂ ਵਿਚ ਜਾਣਕਾਰੀ ਸੰਕੁਚਿਤ (compressed) ਕੀਤੀ ਹੁੰਦੀ ਹੈ। ਹਾਇਕੂ ਕੁੱਟ ਕੁੱਟਕੇ ਬਣਾਏ ਸੋਨੇ ਦੇ ਵਰਕ ਦੀ ਤਰਾਂ ਹੈ ਜਿਸ ਵਿਚ ਸੋਨੇ ਦੀ ਸਮਰੱਥਾ ਵੀ ਅਤੇ ਵਰਕ ਦੀ ਸੂਖਮਤਾ ਵੀ ਹੁੰਦੀ ਹੈ।

ਹਾਇਕੂ ਦੇ ਸਿਰ ‘ਤੇ ਸਿਰਲੇਖ (title) ਦਾ ਭਾਰ ਨਹੀਂ ਹੁੰਦਾ, ਤੁਕਾਂਤ (rhyme) ਦੀ ਸ਼ਿਲਪਕਾਰੀ ਨਹੀਂ ਹੁੰਦੀ, ਤਸ਼ਬੀਹ (simile) ਅਤੇ ਪ੍ਰਤੱਖ ਰੂਪਕ-ਅਲੰਕਾਰ( metaphor) ਵੀ ਨਹੀਂ ਹੁੰਦੇ। ਪਰ ਹਰ ਹਾਇਕੂ ਵਿਚ ਰੂਪਕ-ਅਲੰਕਾਰ ਬਣਨ ਦੀ ਸਮਰੱਥਾ ਜਰੂਰ ਹੁੰਦੀ ਹੈ। ਹਾਇਕੂ ਵਿਚ ਵਿਚਾਰ ਅਧੂਰੇ ਅਤੇ ਰਹੱਸਮਈ ਜਿਹੇ ਰੱਖੇ ਜਾਂਦੇ ਹਨ। ਸੰਯੋਜਕ ਸ਼ਬਦਾਂ ਨੂੰ ਘਟਾਇਆ ਹੁੰਦਾ ਹੈ ਅਤੇ ਕੁਝ ਵਿਆਕਰਨਿਕ ਖੁੱਲ੍ਹ ਵੀ ਲਈ ਜਾਂਦੀ ਹੈ। ਕੁਝ ਸੰਖਿਪਤ ਰੂਪ ਵਾਲ਼ੇ ਹਾਇਕੂ ਪੇਸ਼ ਹਨ:

ਰਾਤੀਂ ਜਾਗਾਂ

ਦੀਵਾ ਮੱਧਮ

ਤੇਲ ਜਮ ਰਿਹਾ

ਬਾਸ਼ੋ (ਜਾਪਾਨ) ਅਨੁਵਾਦ: ਪਰਮਿੰਦਰ ਸੋਢੀ

ਸਰਦ

ਬੱਦਲ਼

ਕਾਹਲ

ਸਾਨਤੋਕਾ (ਜਾਪਾਨ) ਅਨੁਵਾਦ: ਪਰਮਿੰਦਰ ਸੋਢੀ

ਤਿਤਲੀ

ਸੌਂ ਰਹੀ

ਮੰਦਰ ਦੀ ਘੰਟੀ ਤੇ

ਬੁਸੋਨ (ਜਾਪਾਨ) ਅਨੁਵਾਦ: ਪਰਮਿੰਦਰ ਸੋਢੀ

ਇਕ ਬੂੰਦ

ਵਿਚ ਆ ਮਿਲੀ

ਇਕ ਹੋਰ

ਜੌਨ ਬਰੈਂਡੀ (ਅਮਰੀਕਾ)

ਬਸੰਤ ਹਵਾ—

ਮੈਂ ਵੀ ਤਾਂ

ਧੂੜ ਹਾਂ

ਪੈਟਰੀਸ਼ੀਆ ਡੋਨੇਗਨ (ਅਮਰੀਕਾ)

ਗੁਲਦਾਉਦੀਆਂ

ਸਿਰਹਾਣੇ ਮੇਜ਼ ਤੇ

ਅਗੇਤੀ ਸ਼ਾਮ

ਫਰੈਂਕ ਰੌਬਿਨਸਨ (ਅਮਰੀਕਾ)

ਹਵਾ ਫੈਲਾਵੇ

ਅਣਪਛਾਤੀ ਮਹਿਕ

-ਜੀਰੀ ਦੇ ਖੇਤ

ਡਾ. ਜਗਦੀਸ਼ ਵਯੋਮ (ਹਿੰਦੀ)

ਸਾਗਰ ਕੰਢੇ

ਰਹੀ ਪਿਆਸੀ

ਤਟ ਦੀ ਰੇਤ

ਸਤਿਆ ਨੰਦ ਜਾਵਾ (ਹਿੰਦੀ)

ਕਮਲ ਖਿਲੇ

ਝੀਲ ਨੇ ਖੋਲ੍ਹੇ

ਲੱਖਾਂ ਨੇਤਰ

ਰਮਾਕਾਂਤ ਸ਼੍ਰੀਵਾਸਤਵ (ਹਿੰਦੀ)

ਮੇਰੇ ਘਰ

ਪੱਛਮ ਤੋਂ ਆਈ

ਪਾਗਲ ਹਵਾ

ਅਸ਼ੇਸ਼ ਵਾਜਪਈ (ਹਿੰਦੀ)

ਚਿੱਠੀ ਖੋਲਾਂ

ਚਾਕੂ ਖੁੰਢਾ

ਧੜਕਣ ਤੇਜ਼

ਅਮਰਜੀਤ ਸਾਥੀ (ਪੰਜਾਬੀ)

ਤਿੜਕੇ ਸ਼ੀਸ਼ੇ

ਅਕਸ ਉਲ਼ਝੇ

ਲੱਭਾਂ ਚਿਹਰਾ

ਦਰਬਾਰਾ ਸਿੰਘ (ਪੰਜਾਬੀ)

ਓਥੇ ਮੇਪਲ

ਏਥੇ ਪਿੱਪਲ਼

ਗੈਰਹਾਜ਼ਰ

ਗੁਰਮੀਤ ਸੰਧੂ (ਅਮਰੀਕਾ)

ਸੂਰਜ ਚਮਕੇ

ਰਾਹਾਂ

ਬਾਪੂ ਕੰਮ ਤੇ ਜਾਵੇ

ਗੁਰਪ੍ਰੀਤ (ਪੰਜਾਬੀ)

ਸਿਰ ਤੇ ਘੜਾ

ਪਾਣੀ ਲੈਣ

ਚੰਨ ਤੇ ਚੱਲੀ

ਗੁਰਨੈਬ ਮਘਾਣੀਆਂ (ਪੰਜਾਬੀ)

ਦੋਹਾਂ ਸੰਗ ਤੁਰਨਾ

ਇਕ ਅੱਖ ਹੰਝੂ

ਇਕ ਅੱਖ ਸੁਰਮਾ

ਗੁਰਪਰੀਤ ਗਿੱਲ (ਪੰਜਾਬੀ)

ਸੁੰਨੇ ਰਾਹ ਤੇ

ਨਾਲ਼ ਤੁਰ ਪਿਆ

ਚੰਨ ਸੁਦੀ ਦਾ

ਤਿਸਜੋਤ (ਪੰਜਾਬੀ)

ਪੰਜਾਬ ਬੰਦ

ਸੜਕਾਂ ਸੁੱਤੀਆਂ

ਡਰ ਜਾਗਦਾ

ਦੀਪੀ ਸੰਧੂ (ਪੰਜਾਬੀ)

ਚੋਂਦੀ ਛੱਤ

ਹੇਠਾਂ ਭਿੱਜੇ

ਮੀਂਹ ਦੀ ਸੀਨਰੀ

ਦਵਿੰਦਰ ਪੂਨੀਆ (ਪੰਜਾਬੀ)