ਕਿਸ਼ਤ ੫

ਬਿੰਬ

ਸਾਡੇ ਦੁਆਲ਼ੇ ਜੋ ਕੁਝ ਹਰ ਪਲ ਵਾਪਰ ਰਿਹਾ ਹੈ ਅਸੀਂ ਅਪਣੇ ਗਿਆਨ ਇੰਦਰਿਆਂ ਰਾਹੀ ਉਸ ਨੂੰ ਅਨੁਭਵ ਕਰਦੇ ਹਾਂ। ਹਾਇਕੂ ਦਾ ਉਦੇਸ਼ ਪਾਠਕ ਦੇ ਮਨ ਦਾ ਦੁਆਰ ਉਸ ਅਨੁਭਵ ਨੂੰ ਗ੍ਰਹਿਣ ਕਰਨ ਲਈ ਵਿਗਸਤ ਕਰਨਾ ਹੈ। ਕਵਿਤਾ ਕਲਪਤ ਘਟਨਾਵਾਂ, ਮਨੋਰੰਜਕ ਅਤੇ ਅਲੌਕਿਕ ਬਿਆਨ ਰਾਹੀਂ ਡੂੰਘੇ ਮਨੋਭਾਵਾਂ ਨੂੰ ਦੱਸਣ ਦੀ ਵਿਧਾ ਹੈ। ਪਰ ਹਾਇਕੂ ਭਾਵਾਂ ਨੂੰ ਉਨ੍ਹਾਂ ਬਿੰਬਾਂ ਰਾਹੀਂ ਪ੍ਰਗਟਾਉਣ ਦੀ ਕਲਾ ਹੈ ਜੋ ਹਾਇਕੂ ਛਿਣ ਦੇ ਅਨੁਭਵ ਦਾ ਆਧਾਰ ਸਨ। ਇਹ ਉਸ ਅਨੁਭਵ ਨੂੰ ਮੁੜ ਅਪਣੇ ਲਈ ਅਤੇ ਪਾਠਕ ਲਈ ਸੁਰਜੀਤ ਕਰਨਾ ਦੀ ਵਿਧਾ ਹੈ। ਇਸ ਮਨੋਰਥ ਲਈ ਹਾਇਕੂ ਕਵੀ (ਹਾਇਜਨ) ਠੋਸ ਬਿੰਬਾਂ ਦੀ ਵਰਤੋਂ ਕਰਦਾ ਹੈ ਜੋ ਕੁਝ ਵੇਖਿਆ, ਸੁਣਿਆ, ਸੁੰਘਿਆ, ਚੱਖਿਆ ਅਤੇ ਛੋਹਿਆ ਉਸ ਨੂੰ ਸਚੋ ਸੱਚ ਬਿਆਨ ਕਰ ਦਿੱਤਾ। ਹਾਇਕੂ ਅਨੁਭਵ ਤੇ ਆਧਰਤ ਹੋਵੇ ਨਾ ਕਿ ਸੋਚ-ਵਿਚਾਰ ਤੇ। ਪਰ ਇਹ ਕਰਨਾ ਏਨਾ ਆਸਾਨ ਨਹੀਂ ਹੈ ਕਿਉਂਕਿ ਕਿਸੇ ਵੀ ਘਟਨਾ ਦੇ ਵਾਪਰਨ-ਸਥਲ ਵਿਚ ਬਹੁਤ ਕੁਝ ਬੇਲੋੜਾ ਹੁੰਦਾ ਹੈ ਜਿਸ ਨੂੰ ਬਿਆਨ ਕਰਨ ਦੀ ਲੋੜ ਨਹੀਂ। ਜਿਸ ਤਰਾਂ ਫੋਟੋਗਰਾਫਰ ਫੋਟੋ ਖਿੱਚਣ ਵੇਲ਼ੇ ਅਪਣੇ ਕੈਮਰੇ ਨੂੰ ਜਰੂਰੀ ਚੀਜ਼ ਉੱਤੇ, ਜਿਸ ਦੀ ਫੋਟੋ ਖਿੱਚਣੀ ਹੈ, ਫੋਕਸ ਕਰਦਾ ਹੈ। ਹਾਇਜਨ ਵੀ ਅਪਣੇ ਜ਼ਿਹਨ ਵਿਚ ਹਾਇਕੂ ਛਿਣ ਦਾ ਫੋਕਸ ਚਿਤਵਦਾ ਹੈ ਅਤੇ ਵਾਧੂ ਜਾਣਕਾਰੀ ਨੂੰ ਕੱਟ ਦੇਂਦਾ ਹੈ। ਉਹ ਦ੍ਰਿਸ਼ ਦੇ ਜਰੂਰੀ ਹਿੱਸੇ ਹੀ ਦਰਸਾਉਂਦਾ ਹੈ। ਬਿੰਬ ਬਿਲਕੁਲ ਸੰਖੇਪ ਅਤੇ ਸਰਲ ਢੰਗ ਨਾਲ ਨੁਕਤੇ ਵੱਲ ਸੰਕੇਤ ਕਰਦਾ ਹੈ।

ਹਾਇਕੂ ਵਿਚ ਇਕ ਜਾਂ ਦੋ ਬਿੰਬ ਹੁੰਦੇ ਹਨ। ਤਿੰਨ ਬਿਬਾਂ ਵਾਲ਼ੇ ਹਾਇਕੂ ਵੀ ਲਿਖੇ ਮਿਲਦੇ ਹਨ। ਪਰ ਤਿੰਨ ਬਿੰਬ ਹਾਇਕੂ ਲਈ ਭਾਰੂ ਲਗਦੇ ਹਨ ਅਤੇ ਹਾਇਕੂ ਦੇ ਫੋਕਸ ਨੂੰ ਧੁੰਦਲਾ ਕਰ ਦਿੰਦੇ ਹਨ। ਬਿੰਬ ਭਾਵੇਂ ਇਕ ਜਾਂ ਦੋ ਜਾਂ ਤਿੰਨ ਹੋਣ ਪਰ ਉਨ੍ਹਾਂ ਨੂੰ ਜੋੜਣ ਵਾਲ਼ੀ ਕੋਈ ਅੰਤਰ-ਸਾਂਝ ਜਰੂਰ ਹੁੰਦੀ ਹੈ। ਇਹ ਬਿੰਬ ਕਿਸੇ ਵਿਸ਼ਰਾਮ ਚਿਨ੍ਹ ਜਿਵੇਂ , । ; : ! ਜਾਂ — …. ਆਦਿ ਨਾਲ਼ ਵੀ ਵੱਖੋ ਵੱਖ ਕੀਤੇ ਹੁੰਦੇ ਹਨ। ਬਿੰਬ ਲਈ ਸ਼ਬਦਾਂ ਦੀ ਚੋਣ, ਤਰਤੀਬ ਅਤੇ ਸੁਰ ਹਾਇਕੂ ਨੂੰ ਸਾਰਥਕ ਬਣਾਉਂਦੀ ਹੈ। ਬਿੰਬਾ ਦੀ ਆਪਸੀ ਸਾਂਝ ਕਾਰਨ ਅਤੇ ਪਰਿਨਾਮ (cause and effect) ਵਾਲ਼ੀ ਨਹੀਂ ਹੋਣੀ ਚਾਹੀਦੀ। ਮਿਸਾਲ ਲਈ ਜਿਵੇਂ ਕਹੀਏ ਮੀਂਹ ਪੈ ਰਿਹਾ ਹੈ ਅਤੇ ਚਿੱਕੜ ਹੋ ਰਿਹਾ ਹੈ। ਭਾਵ ਇਕ ਬਿੰਬ ਦੂਜੇ ਬਿੰਬ ਨੂੰ ਸ਼ੁਰੂ ਨਾ ਕਰਦਾ ਹੋਵੇ। ਹਾਇਕੂ ਵਿਚ ਕੋਈ ਵਿਆਖਿਆ ਨਹੀ ਕੀਤੀ ਹੁੰਦੀ ਸਗੋਂ ਬਿੰਬ ਅਪਣੇ ਮੂਹੋਂ ਆਪ ਬੋਲਦੇ ਹਨ। ਬਿੰਬ ਸਿਰਫ ਸੁਹਜ-ਸੁਆਦ ਜਾਂ ਦ੍ਰਿਸ਼ ਦੀ ਅਲੌਕਿਕਤਾ ਅਤੇ ਸੁੰਦਰਤਾ ਨੂੰ ਦਰਸਾਉਣ ਲਈ ਨਹੀਂ ਹੁੰਦੇ ਸਗੋਂ ਹਾਇਕੂ ਵਿਚ ਇਹ ਹੋਰ ਵੀ ਗਹਿਰੇ ਭਾਵਾਂ ਨੂੰ ਪ੍ਰਗਟ ਕਰਦੇ ਹਨ:

ਹਰਿਮੰਦਰ ਪਰਿਕਰਮਾ

ਮਾਪੇ ਟੇਕਣ ਮੱਥਾ

ਬੱਚੇ ਵੇਖਣ ਮੱਛੀਆਂ ਅਮਰਜੀਤ ਸਾਥੀ

ਹਾਇਕੂ ਦੇ ਸ਼ਬਦਾਂ ਦੀ ਚੋਣ ਅਤੇ ਵਾਕ ਬਣਤਰ ਪਾਠਕ ਨੂੰ ਹਾਇਕੂ ਦੀ ਅੰਤਰਦ੍ਰਿਸ਼ਟੀ ਨਾਲ਼ ਜੋੜਦੀ ਹੈ। ਹਰ ਬਿੰਬ ਇਕ ਚਿਤਰ ਵੀ ਅਤੇ ਇਕ ਵਿਚਾਰ ਵੀ ਹੁੰਦਾ ਹੈ। ਹਾਇਕੂ ਬਿੰਬ ਅਤੇ ਵਿਚਾਰ ਨੂੰ ਜੋੜਦਾ ਹੈ ਅਤੇ ਦੋਹਾਂ ਦੇ ਸੁਮੇਲ ਵਿਚੋਂ ਤਾਲ ਅਤੇ ਸੁਰ ਦੀ ਸਿਰਜਣਾ ਕਰਦਾ ਹੈ। ਕਵਿਤਾ ਵਿਚ ਉਪਮਾ-ਅਲੰਕਾਰ(simile) ਦੀ ਵਿਧਾ ਵਰਤੀ ਜਾਂਦੀ ਹੈ ਪਰ ਹਾਇਕੂ ਵਿਚ ਬਿੰਬਾਂ ਦੀ ਤੁਲਨਾ ਨਹੀਂ ਕੀਤੀ ਜਾਂਦੀ ਸਗੋਂ ਉਨ੍ਹਾਂ ਦੀ ਡੂੰਘੀ ਸਾਂਝ ਵਲ ਸੰਕੇਤ ਹੀ ਹੁੰਦਾ ਹੈ। ਇਸ ਨੂੰ ਤਰਕ ਦੀ ਭਾਸ਼ਾ ਵਿਚ ਬਿਆਨ ਕਰਨਾ ਸ਼ਾਇਦ ਮੁਮਕਿਨ ਨਾ ਹੋਵੇ ਪਰ ਇਸ ਅਹਿਸਾਸ ਨੂੰ ਮਹਿਸੂਸ ਜਰੂਰ ਕੀਤਾ ਜਾ ਸਕਦਾ ਹੈ। ਕੁਝ ਹਾਇਕੂ ਪੇਸ਼ ਹਨ:

ਟੱਲੀਆਂ ਦੀ ਝੁਣਕਾਰ

ਤੇ ਫੁੱਲਾਂ ਦੀ ਖੁਸ਼ਬੋ

ਘੁਲ਼ ਰਹੀ ਪਹੁਫੁਟਾਲੇ ਵਿਚ

ਬਾਸ਼ੋ

ਡੱਬੇ ਦੇ ਵਿਚ

ਸਾਰੇ ਇਕ ਬਰਾਬਰ

ਸ਼ਤਰੰਜ ਦੇ ਮੋਹਰੇ

ਇੱਸਾ

ਘੋੜੇ ਦੇ ਮਿੱਧੇ

ਘਾਹ ਵਿਚ

ਫੁੱਲ ਖਿੜ ਰਹੇ

ਸਾਨਤੋਕਾ ਤਾਨੇਦਾ

ਝੱਖੜ ਪਿਛੋਂ

ਬਾਲਣ ‘ਕੱਠਾ ਕਰਦੀਆਂ….

ਤਿੰਨ ਹਿੰਮਤੀ ਮਾਈਆਂ

ਬੂਸੋਨ

ਰਾਤਾਂ ਹੋ ਚੱਲੀਆਂ ਠੰਡੀਆਂ….

ਇਕ ਵੀ ਭਮੱਕੜ ਹੁਣ

ਦੀਵੇ ‘ਤੇ ਨਾ ਧਾਵੇ

ਸ਼ਿਕੀ

ਬੇਘਰੇ ਬੰਦੇ ਨੇ

ਜੁੱਤੀਆਂ ਲਾਹੀਆਂ

ਅਪਣੇ ਗੱਤੇ ਦੇ ਘਰ ਮੂਹਰੇ

ਪੈਨੀ ਹਾਰਟਰ

ਸਤਰੰਗੀ ਪੀਂਘ ਵਿਚ ਦੀ

ਅੱਜ ਸਵੇਰੇ ਉੜਕੇ

ਲੰਘਿਆ ਕਾਲ਼ਾ ਪੰਛੀ

ਰੋਬਰਟ ਵਿਲਸਨ

ਛਤਰੀ ਵੰਡ ਰਹੇ

ਤੇਰਾ ਗਿੱਲਾ ਮੋਢਾ

ਤੇ ਮੇਰਾ ਸੱਜਾ

ਅੰਜਲਿ ਦੇਵਧਰ

ਕੋਠੇ ਚੜ੍ਹ ਕੇ ਦੇਖਿਆ

ਟਾਵਰ ਮੰਦਰ ਚਾਰ-ਚੁਫੇਰੇ

ਰੁੱਖ ਟਾਂਵਾਂ-ਟਾਂਵਾਂ

ਪਰਾਗ ਰਾਜ ਸਿੰਗਲਾ

ਲਹਿਰਾਂ ਉੱਤੇ ਤੁਰਿਆ

ਨਾ ਚੰਨ ਡੁੱਬਿਆ

ਨਾ ਚੰਨ ਖੁਰਿਆ

ਪਿਆਰਾ ਸਿੰਘ ਕੁਦੌਵਾਲ

ਗਰਮੀ ਕਾਰਨ

ਸਕੂਲ ਬੰਦ

ਬੱਚੇ ਗੁੱਡਣ ਨਰਮਾ

ਬਲਜੀਤਪਾਲ ਸਿੰਘ

ਛਣ ਕੇ ਝੀਤਾਂ ਵਿਚੋਂ

ਕਰੇ ਕਿਰਨ ਦੀ ਕਾਤਰ

ਹਨੇਰੇ ਦੇ ਦੋ ਟੁਕੜੇ

ਬਲਰਾਜ ਚੀਮਾ

ਸੂਰਜ ਢਲ਼ ਰਿਹਾ-

ਬਾਬਾ ਗਿਣ ਰਿਹਾ

ਉਮਰ ਦੇ ਸਾਲ

ਮਿੱਤਰ ਰਾਸ਼ਾ

ਲੰਘਿਆ ਜਾਏ ਜਲੂਸ

ਚੌਕ ਚ ਗੱਡਿਆ ਬੁੱਤ

ਪੈਰ ਨਾ ਹਿੱਲਣ

ਵਰਿਆਮ ਸੰਧੂ

ਸੁੰਨੀ ਸੜਕ

ਗਲ਼ ਲਗ ਬੈਠੇ

ਰੁੱਖੋਂ ਵਿਛੜੇ ਪੱਤੇ

ਸੰਦੀਪ ਧਨੋਆ