ਕਿਸ਼ਤ-੪
ਹਾਇਕੂ ਛਿਣ
ਜਿਸ ਤਰਾਂ ਕੈਮਰਾ ਇਕ ਕਲਿੱਕ ਨਾਲ਼ ਕਿਸੇ ਘਟਨਾ-ਦ੍ਰਿਸ਼ ਨੂੰ ਹਮੇਸ਼ਾ ਲਈ ਸਾਂਭ ਲੈਂਦਾ ਹੈ ਹਾਇਕੂ ਵੀ ਅਨੁਭਵ ਦੇ ਕਿਸੇ ਇਕ ਛਿਣ ਨੂੰ ਸਾਂਭਣ ਦੀ ਵਿਧਾ ਹੈ। ਕੋਈ ਅਜਿਹਾ ਪਲ ਜਦੋਂ ਪ੍ਰਕਿਰਤੀ ਅਪਣੇ ਅੰਦਰਲੇ ਸੱਚ ਨੂੰ ਪ੍ਰਗਟ ਕਰਦੀ ਹੈ। ਜਦੋਂ ਦਰਸ਼ਕ ਦਾ ਮਨ ਵਾਹ! ਵਾਹ! ਕਰ ਉੱਠਦਾ ਹੈ। ਕੋਈ ਕੁਦਰਤ ਵਿਚ ਵਾਪਰ ਰਹੀ ਜਾਂ ਮਨੁੱਖੀ ਫਿਤਰਤ ਨੂੰ ਉਜਾਗਰ ਕਰਦੀ ਅਲੌਕਿਕ ਘਟਨਾ ਜਿਸ ਨੂੰ ਵੇਖ ਮਨ ਪਸੀਜ ਜਾਵੇ। ਇਹ ਆਮ ਜੀਵਨ ਦੀ ਕੋਈ ਵੀ ਘਟਨਾ ਹੋ ਸਕਦੀ ਹੈ ਜਿਵੇਂ ਠੰਡ ਵਿਚ ਕਾਰਾਂ ਦੇ ਸ਼ੀਸ਼ੇ ਸਾਫ ਕਰਦੇ ਬੱਚੇ, ਘੜਿਆਲ ਦੀ ਉੱਚੀ ਗੂੰਜ, ਢਾਰੇ ਵਿਚ ਅਲ੍ਹਣਾ ਪਾਉਂਦੀ ਚਿੜੀ, ਰਸੋਈ ਵਿਚ ਪਏ ਬਰਤਣਾ ਉੱਤੇ ਪੈ ਰਹੀ ਧੁੱਪ ਦੀ ਕਿਰਨ। ਕਿਸੇ ਪਰਬਤ ਦੀ ਚੋਟੀ ਵਾਂਗ ਇਕੱਲੀ ਜਾਂ ਕਿਸੇ ਖਚਾਖਚ ਭਰੀ ਬੱਸ ਵਾਂਗ ਲੱਦੀ, ਸੁੰਦਰਤਾ ਦਾ ਝਲਕਾਰਾ ਦਿੰਦੀ ਜਾਂ ਕਰੂਪਤਾ ਦਰਸਾਉਂਦੀ। ਇਨ੍ਹਾਂ ਛਿਣਾਂ ਨਾਲ਼ ਸਾਡੀ ਕੀ ਸਾਂਝ ਹੈ ਜੋ ਸਾਨੂੰ ਇਕ ਪਲ ਲਈ ਰੁਕਣ, ਧਿਆਨ ਕਰਨ ਅਤੇ ਮੁੜ ਵੇਖਣ ਲਈ ਪਰੇਰਦੀ ਹੈ। ਅਸੀਂ ਉਸ ਪਲ ਨੂੰ ਮੁੜ ਮੁੜ ਯਾਦ ਕਰਦੇ ਹਾਂ ਜਦੋਂ ਸਾਨੂੰ ਜੀਵਨ ਦੀ ਜਟਿਲ ਸਾਧਾਰਨਤਾ ਤੋਂ ਪਾਰ ਵੇਖਣ ਦਾ ਇਕ ਛਿਣ-ਭੰਗਰੀ ਅਹਿਸਾਸ ਹੋਇਆ ਸੀ। ਜੀਵਨ ਦੀ ਅਸਲੀਅਤ ਦੀ ਝਲਕ ਮਿਲੀ ਸੀ। ਧਿਆਨ, ਅੰਤਰ-ਪਰਕਾਸ਼ ਅਤੇ ਬੋਧ ਦੀਆਂ ਗਹਿਰਾਈਆਂ ਨੂੰ ਛੂੰਹਦੇ ਉਸ ਛਿਣ ਨੂੰ ਬੜੇ ਹੀ ਥੋੜੇ ਸ਼ਬਦਾਂ ਅਤੇ ਕੁੱਲ ਤਿੰਨ ਪੰਕਤੀਆਂ ਵਿਚ ਮੁੜ ਸਿਰਜਣਾ ਹਾਇਕੂ ਦਾ ਹੀ ਕਮਾਲ ਹੈ।।
ਅਜਿਹਾ ‘ਆਹਾ! ਛਿਣ’ ਹੀ ਹਾਇਕੂ ਦੇ ਆਧਾਰ ਦੀ ਜੜ ਹੈ। ਹਾਇਕੂ ਲਿਖਣ ਦੀ ਕਿਰਿਆ ਓਸ ਛਿਣ ਨੂੰ ਸੰਭਾਲਣ ਦੀ ਕਿਰਿਆ ਹੈ ਤਾਂ ਜੋ ਮੁੜ ਅਸੀਂ ਖੁਦ ਜਾਂ ਹੋਰ ਦੂਜੇ ਪਾਠਕ ਉਸ ਛਿਣ ਨੁੰ ਅਨੁਭਵ ਕਰ ਸਕਣ ਅਤੇ ਉਸ ਨਾਲ਼ ਜੁੜੇ ਅਹਿਸਾਸ ਨੂੰ ਮਹਿਸੂਸ ਕਰ ਸਕਣ। ਹਾਇਕੂ ਵਿਚ ਯਾਦ ਦੇ ਉਨ੍ਹਾਂ ਅੰਸ਼ਾ ਨੂੰ ਸਾਂਭਣਾ ਹੁੰਦਾ ਹੈ ਜਿਨ੍ਹਾਂ ਨਾਲ ਉਸ ਬਿੰਬ ਨੂੰ ਸਾਫ ਦਰਸਾਇਆ ਜਾ ਸਕੇ ਅਤੇ ਉਸ ਅਨੁਭਵ ਨੂੰ ਮੁੜ ਜੀਵਿਆ ਜਾ ਸਕੇ। ਹਾਇਕੂ ਉਸ ਛਿਣ ਨੂੰ ਮੁੜ ਸੁਰਜੀਤ ਕਰਦੀ ਹੈ ਪਰ ਉਸ ਤੋਂ ਉਪਜੇ ਭਾਵ ਜਾਂ ਵਿਚਾਰ ਪ੍ਰਗਟ ਨਹੀਂ ਕਰਦੀ। ਇਸੇ ਵਿਧਾ ਨੂੰ “ਦਰਸਾਓ, ਦਸੋ ਨਾ” ਦਾ ਨਿਯਮ ਵੀ ਕਿਹਾ ਜਾਂਦਾ ਹੈ। ਪੇਸ਼ ਹਨ ‘ਹਾਇਕੂ ਛਿਣ’ ਨੂੰ ਦਰਸਾਉਂਦੇ ਕੁਝ ਪੰਜਾਬੀ ਲੇਖਕਾਂ ਦੇ ਹਾਇਕੂ:
ਚੌਰਾਹੇ ਰੁਕੀਆਂ ਕਾਰਾਂ
ਸ਼ੀਸੇ ਸਾਫ ਕਰਨ ਮੁੰਡੇ
ਚਾਲਕ ਅੱਖਾਂ ਚਰਾਉਣ
ਅੰਬਰੀਸ਼
ਟੁੱਟਿਆ ਬੂਹਾ
ਤਿੜਕੀ ਥੰਮੀਂ ਵਾਲ਼ਾ ਛਤਨਾ
ਚਿੜੀ ਆਲ੍ਹਣਾ ਪਾਵੇ
ਦਰਬਾਰਾ ਸਿੰਘ
ਬੱਸ ਬੈਠੀ ਬੀਬੀ
ਹਥ ਵਿਚ ਗੁਟਕਾ
ਬੱਚੇ ਦੀ ਉਮਰ ਦੱਸੇ ਘਟ
ਦਵਿੰਦਰ ਪੂਨੀਆ
ਜੀ ਟੀ ਰੋਡ ‘ਤੇ ਧੁੰਦ
ਗੱਡੇ ‘ਤੇ ਚੜ੍ਹਗੀ ਗੱਡੀ
ਜਨੇਤੀ ਤੂੜੋ-ਤੂੜੀ
ਕੁਲਪ੍ਰੀਤ ਬਡਿਆਲ
‘ਭਈਆ ਇਧਰ ਆਓ’
ਭਈਆ ਆ ਕੇ ਬੋਲਿਆ
‘ਕੀ ਗੱਲ ਹੈ ਭੈਣ ਜੀ’
ਕੁਲਦੀਪ ਸਿੰਘ ਦੀਪ
ਚੋਵੇ ਵਿਰਲਾਂ ਥਾਣੀ
ਪੱਕਦੇ ਪੂੜਿਆਂ ਉਤੇ
ਘਿਓ ਦੀ ਥਾਂਵੇ ਪਾਣੀ
ਗੁਰਨੈਬ ਮਘਾਣੀਆ
ਮਰੀਜ਼ ਤੜਫਦਾ
ਖੂਨ ਵਹਿ ਰਿਹਾ
ਡਾਕਟਰ ਚੈੱਕ ਕਰੇ ਫਾਰਮ
ਗੁਰਪਰੀਤ ਗਿੱਲ
ਨਲਕੇ ਹੇਠਾਂ
ਨਹਾਵੇ ਦਾਦਾ
ਡੰਡੀ ਝੂਟੇ ਪੋਤਾ
ਗੁਰਪ੍ਰੀਤ
ਹਰ ਕੀ ਪੌੜੀ
ਤਰਦੀ ਮਛਲੀ
ਬਹਿਰੀ ਲੈਗੀ
ਗੁਰਮੀਤ ਸੰਧੂ
ਤੁਰੇ ਸੈਰ ਨੂੰ ‘ਕੱਠੇ
ਬਾਪੂ ਮੂਹਰੇ ਮੂਹਰੇ
ਬੇਬੇ ਪਿੱਛੇ ਪਿੱਛੇ
ਗੁਰਿੰਦਰਜੀਤ ਸਿੰਘ
ਗਾਨੀ ਟੁੱਟੀ
ਧਾਗੇ ਚੋਂ, ਨੈਣਾਂ ਚੋਂ
ਮੋਤੀ ਖਿੱਲਰੇ
ਜਗਜੀਤ ਸੰਧੂ
ਸਵੇਰ ਸਾਰ ਲਾਈ
ਅਗਰਬੱਤੀ ਦੀ ਖੁਸ਼ਬੂ
ਦਿਨ ਭਰ ਨਾਲ਼ ਆਈ
ਤਿਸਜੋਤ