ਕਿਸ਼ਤ – ੧
ਪੰਜਾਬੀ ਸਾਹਿਤ ਵਿਚ ਨਵਾਂ ਕਾਵਿ ਰੂਪ: ਹਾਇਕੂ
ਹਾਇਕੂ ਬਾਰੇ
ਜਾਪਾਨੀ ਭਾਸ਼ਾ ਵਿਚ ਸਦੀਆਂ ਤੋਂ ਲਿਖੀ ਜਾ ਰਹੀ ਕਵਿਤਾ ਹਾਇਕੂ ਦੁਨੀਆਂ ਵਿਚ ਸਭ ਤੋਂ ਸੰਖਿਪਤ ਕਵਿਤਾ ਮੰਨੀ ਜਾਂਦੀ ਹੈ। ਇਕੋ ਸਾਹ ਵਿਚ ਕਹੀ ਜਾਣ ਵਾਲੀ ਕਵਿਤਾ। ਜਿਸ ਵਿਚ 17 ਧੁਨੀ-ਇਕਾਈਆਂ (onji) ਨੂੰ 5-7-5 ਕਰਕੇ ਤਿੰਨ ਪੰਕਤੀਆਂ ਵਿਚ ਲਿਖਿਆ ਹੁੰਦਾ ਹੈ।
ਹਾਇਕੂ ਵੀਹਵੀਂ ਸਦੀ ਵਿਚ ਇਕ ਅੰਤਰ-ਰਾਸ਼ਟਰੀ ਸਿਨਫ ਬਣਕੇ ਵਿਕਸਤ ਹੋਈ ਹੈ। ਇਹ ਹੁਣ ਦੁਨੀਆਂ ਦੀਆਂ ਤਕਰੀਬਨ ਸਾਰੀਆਂ ਭਾਸ਼ਾਵਾਂ ਵਿਚ ਲਿਖੀ ਜਾ ਰਹੀ ਹੈ। ਹਾਇਕੂ ਦੇ ਰੂਪ ਅਤੇ ਥੀਮ ਵਿਚ ਨਵੇਂ ਨਵੇਂ ਪਰਯੋਗ ਹੋ ਰਹੇ ਹਨ। ਹਰ ਭਾਸ਼ਾ ਇਸ ਨੂੰ ਅਪਣੇ ਸੁਭਾ ਅਨੁਸਾਰ ਢਾਲ਼ ਰਹੀ ਹੈ। ਪੰਜਾਬੀ ਸਾਹਿਤ ਖੇਤਰ ਵਿਚ ਵੀ ਹਾਇਕੂ ਦਾ ਆਗਾਜ਼ ਹੋ ਚੁੱਕਾ ਹੈ। ਹਾਇਕੂ ਬਾਰੇ ਜਾਣਕਾਰੀ ਭਰਪੂਰ ਲੇਖਾਂ ਦੀ ਇਹ ਲੜੀ ਆਰੰਭ ਕੀਤੀ ਜਾ ਰਹੀ ਹੈ।
ਹਾਇਕੂ ਦੇ ਜਨਮ ਦੀ ਕਥਾ ਬੜੀ ਦਿਲਚਸਪ ਹੈ। ਜਾਪਾਨ ਵਿਚ ਸਦੀਆਂ ਤੋਂ ਇਕ ਲੰਮੀ ਲੜੀਦਾਰ ਕਵਿਤਾ ਲਿਖਣ ਦੀ ਪ੍ਰਥਾ ਸੀ, ਜਿਸ ਨੂੰ ‘ਹਾਇਕਾਇ ਨੋ ਰੈਂਗਾ’ ਕਿਹਾ ਜਾਂਦਾ ਸੀ। ਇਸ ਨੂੰ ਬਹੁਤ ਸਾਰੇ ਕਵੀ ਇਕੱਠੇ ਹੋ ਕੇ ਲਿਖਦੇ ਸਨ। ਇਕ ਕਵੀ ਕਵਿਤਾ ਦਾ ਮੁਢਲਾ ਬੰਦ ਪੇਸ਼ ਕਰਦਾ ਸੀ ਜਿਸ ਨੂੰ ‘ਹੋਕੂ’ ਕਿਹਾ ਜਾਂਦਾ ਸੀ। ਕਿਉਂਕਿ ਕਿਸੇ ਕਵੀ ਨੂੰ ਵੀ ਹੋਕੂ ਕਹਿਣ ਲਈ ਕਿਹਾ ਜਾ ਸਕਦਾ ਸੀ ਇਸ ਲਈ ਭਾਗ ਲੈਣ ਵਾਲ਼ੇ ਸਾਰੇ ਕਵੀ ਅਪਣਾ ਅਪਣਾ ਮੁਢਲਾ ਬੰਦ ਲਿਖਕੇ ਲਿਆਉਂਦੇ। ਪਰ ਜੋ ਹੋਕੂ ਲੜੀਦਾਰ ਕਵਿਤਾ ਲਿਖਣ ਲਈ ਨਾ ਵਰਤੇ ਜਾਂਦੇ ਉਹ ਵੱਖਰੇ ਲਿਖ ਲਏ ਜਾਂਦੇ। ਇਸ ਤਰਾਂ ਹੌਲ਼ੀ ਹੌਲ਼ੀ ਹੋਕੂ ਦਾ ਅਪਣਾ ਵੱਖਰਾ ਅਸਥਾਨ ਬਣ ਗਿਆ।
ਉਨ੍ਹੀਵੀਂ ਸਦੀ ਦੇ ਅਖੀਰ ਵਿਚ ਜਾਪਾਨੀ ਕਵੀ ਅਤੇ ਆਲੋਚਕ ਸ਼ਿਕੀ ਮਾਸਾਓਕਾ ਨੇ ਹੋਕੂ ਨੂੰ ਲੜੀਦਾਰ ਕਵਿਤਾ ਨਾਲੋਂ ਵੱਖਰਾ ਕਰ ਲਿਆ ਅਤੇ ਇਸ ਨੂੰ ਹਾਇਕੂ ਦਾ ਨਾਮ ਦੇ ਦਿੱਤਾ। ਬੇਸ਼ੱਕ ਹਾਇਕੂ ਨੂੰ ਕਿਸੇ ਇਕ ਪਰਿਭਾਸ਼ਾ ਵਿਚ ਨਹੀਂ ਬੰਨ੍ਹਿਆ ਜਾ ਸਕਦਾ ਪਰ ਅਮਰੀਕਾ ਦੀ ਹਾਇਕੂ ਸੁਸਾਇਟੀ ਦੀ ਦਿੱਤੀ ਹੋਈ ਪਰਿਭਾਸ਼ਾ ਹਾਇਕੂ ਦੀ ਆਤਮਾ ਦੇ ਨੇੜ ਤੇੜ ਪਹੁੰਚਦੀ ਹੈ।
“Haiku: A poem recording the essence of a moment keenly perceived, in which Nature is linked to human nature”.
ਸੋ ਹਾਇਕੂ ਬਹੁਤ ਹੀ ਤੀਬਰਤਾ ਨਾਲ਼ ਅਨੁਭਵ ਕੀਤੇ ਛਿਣ ਦਾ ਬਿਆਨ ਹੈ ਜਿਸ ਵਿਚ ਕੁਦਰਤ ਅਤੇ ਮਨੁੱਖੀ ਫਿਤਰਤ ਦੀ ਸਾਂਝ ਦਿਸਦੀ ਹੈ। ਨਾਮਵਰ ਜਾਪਾਨੀ ਕਵੀਆਂ ਦੇ ਕੁਝ ਹਾਇਕੂ ਪੇਸ਼ ਹਨ।
ਅੰਧਕਾਰ ਵਿਚ ਮੂਰਖ
ਹੱਥ ਝਿੰਗਾਂ ਨੂੰ ਪਾਵੇ….
ਫਿਰੇ ਭਾਲ਼ਦਾ ਜੁਗਨੂੰ
ਮਾਤਸੂਓ ਬਾਸ਼ੋ (1644-1694)
ਇਕ ਤਿਤਲੀ
ਕੁੜੀ ਦੇ ਰਾਹ ਵਿਚ
ਕਦੇ ਅੱਗੇ ਕਦੇ ਪਿੱਛੇ
ਚੀਯੋ-ਨੀ (1701-1775) ਅਨੁਵਾਦ: ਪਰਮਿੰਦਰ ਸੋਢੀ
ਮੌਨਸੂਨ ਦਾ ਮੀਂਹ !
ਚੜ੍ਹਦਾ ਦਰਿਆ ਦੇਖਦੇ
ਕੰਢੇ ਦੇ ਦੋ ਘਰ
ਯੋਸਾ ਬੂਸੋਨ (1716-1783)
ਚਿੜੀਆਂ ਚਹਿਕਣ
ਰੱਬ ਦੇ ਸਾਹਮਣੇ ਵੀ
ਨਾ ਬਦਲਣ ਆਵਾਜ਼
ਕੋਬਾਯਾਸ਼ੀ ਇੱਸਾ(1763-1827) ਅਨੁਵਾਦ: ਪਰਮਿੰਦਰ ਸੋਢੀ
ਢੱਠੇ ਘਰ ਦੇ ਵਿਹੜੇ
ਨਾਸ਼ਪਾਤੀ ਦਾ ਬੂਟਾ ਫਲ਼ਿਆ –
ਕਦੇ ਯੁੱਧ ਹੋਇਆ ਸੀ ਏਥੇ
ਸ਼ਿਕੀ ਮਾਸਾਓਕਾ(1867-1902)
ਸੋਚਾਂ ਕਿਸ ਦਿਸ਼ਾ ‘ਚ
ਜਾਣਾ ਹੈ ਮੈਂ ?
ਬੇਫ਼ਿਕਰ ਵਗ ਰਹੀ ਹੈ ਹਵਾ
ਸਾਨਤੋਕਾ ਤਾਨੇਦਾ (1882-1940)
ਭਾਰੀ ਗੱਡੀ ਨੇ
ਸਾਰੀ ਸੜਕ ਹਿਲਾਈ…
ਇੱਕੋ ਤਿੱਤਲੀ ਨੂੰ ਜਗਾਕੇ
ਕੁਰੋਯਾਂਗੀ ਸ਼ੋਹਾ (1727-1771)
ਬਗਲਾ ਠੁੰਗਾਂ ਮਾਰੇ
ਜਦ ਤਕ ਖਿੰਡ ਨਾ ਜਾਵੇ …
ਪਾਣੀ ਉਤਲਾ ਚੰਨ
ਜ਼ੂਈਰੀਯੂ (1548-1628)