ਟੀ ਵੀ ‘ਤੇ ਬੁਲਿਟਿਨ ਦੀਆਂ ਮੁੱਖ ਸੁਰਖੀਆਂ ‘ਚ ਇੱਕ ਵੀ ਖਬਰ ਸੁਖਾਵੀਂ ਨਹੀਂ। ਰੋਜ਼ਾਨਾ ਉਹੀ ਬੰਬ ਧਮਾਕੇ, ਕਤਲੋ-ਗਾਰਤ, ਭ੍ਰਿਸ਼ਟਾਚਾਰ, ਸ਼ੋਸ਼ਣ…. ਬਸ ਮੁਲਕ ਦਾ ਨਾਂ ਬਦਲ ਜਾਂਦਾ ਹੈ ਜਾਂ ਮਰਨ ਵਾਲ਼ਿਆਂ ਦੀ ਗਿਣਤੀ। ਟੈਲੀਵਿਜ਼ਨ ਬੰਦ ਕਰਕੇ ਮੈਂ ਕਿਤਾਬ ਚੁੱਕ ਲਈ।

“ਮਾਂ, ਸਵੇਰੇ ਮੈਨੂੰ ਤਿੰਨ ਵਜੇ ਜਗਾ ਦੇਣਾ” ਬੇਟੀ ਨੇ ਕਿਹਾ।

“ਕਿਉਂ ਸਕੂਲ ਨੀ ਜਾਣਾ? ” ਪੁੱਛਣ ਤੇ ਬੇਟੀ ਬੋਲੀ “ਜਾਣੈ। ਪਰ ਮੈਂ ਨੌਰਥ ਸਟਾਰ (ਉੱਤਰੀ ਧਰੁਵ ਦਾ ਤਾਰਾ) ਦੇਖਣੈ। ਯੂ ਨੋ ਮਾਂ, ਮੈਂ ਇੱਕ ਬੁੱਕ ਪੜ੍ਹ ਰਹੀ ਹਾਂ। ਬਹੁਤ ਟਾਈਮ ਪਹਿਲਾਂ ਅਮਰੀਕਾ ਵਿਚ ਕਾਲੇ ਲੋਕਾਂ ਨੂੰ ਸਲੇਵਜ਼ (ਗੁਲਾਮ) ਬਣਾ ਕੇ ਰੱਖਦੇ ਸੀ। ਸਾਰਾ ਦਿਨ ਵਿਚਾਰੇ ਕੰਮ ਕਰਦੇ ਸੀ, ਬੱਚਿਆਂ ਨੂੰ ਵੀ ਕੰਮ ਕਰਨਾ ਪੈਂਦਾ ਸੀ। ਨਾਲੇ ਕੁੱਟਦੇ ਵੀ ਸੀ, ਖਾਣਾ ਵੀ ਥੋੜਾ ਦਿੰਦੇ ਸੀ ਤੇ ਕੋਈ ਸਕੂਲ ਵੀ ਨੀ ਸੀ ਹੁੰਦਾ। ਪਤੈ, ਉਨ੍ਹਾਂ ਨੂੰ ਸਿਰਫ਼ 3 ਸੈਂਟਸ ਦਿਨ ਦੇ ਮਿਲਦੇ ਸੀ ਕੰਮ ਕਰਕੇ। ਫਿਰ ਇਕ ਦਿਨ ਕੋਈ ਹੋਰ ‘ਮਾਸਾ’* ਉਨ੍ਹਾਂ ਵਿਚੋਂ ਚੁਣ ਕੇ ਸਲੇਵਜ਼ ਖਰੀਦਕੇ ਲੈ ਜਾਂਦਾ ਸੀ। ਕੋਈ ਬੱਚਾ ਕਿਤੇ, ਮੰਮੀ ਕਿਤੇ ਹੋਰ, ਪਾਪਾ ਕਿਤੇ ਹੋਰ। ਪਰ ਕੈਨੇਡਾ ‘ਚ ਕੋਈ ਇੱਦਾਂ ਨੀ ਸੀ ਕਰਦਾ। ਉਨ੍ਹਾਂ ਕੋਲ ਮੈਪ ਤਾਂ ਨੀ ਸੀ ਹੁੰਦੇ ਪਰ ਲੋਕ ਰਾਤ ਨੂੰ ਚੋਰੀ ਚੋਰੀ ਨੌਰਥ ਸਟਾਰ ਦੀ ਡਾਇਰੈਕਸ਼ਨ ‘ਚ ਤੁਰ ਕੇ ਤੇ ਚੰਗੇ ਗੋਰਿਆਂ ਦੀ ਹੈਲਪ ਨਾਲ ਕੈਨੇਡਾ ਆ ਜਾਂਦੇ ਸਨ। ਬਟ, ਇਟ ਵਾਜ਼ ਨੌਟ ਈਜ਼ੀ( ਪਰ ਆਸਾਨ ਨਹੀਂ ਸੀ)। ਅੱਛਾ ਦੱਸੋ, ਉਠਾਉਂਗੇ ਨਾ…..ਪਲੀਜ਼।” ਮੈਂ ਹਾਮੀ ਭਰੀ।

ਹਥਲੀ ਕਿਤਾਬ ਤੋਂ ਮੇਰਾ ਧਿਆਨ ਉੱਖੜ ਗਿਆ;

ਰੋਜ਼ ਚੜ੍ਹਦੈ

ਧਰੂ-ਤਾਰਾ —

ਅਸੀਂ ਘੂਕ ਸੁੱਤੇ

*ਮਾਸਾ – ਗੁਲਾਮਾਂ ਵੱਲੋਂ ਵਰਤਿਆ ਜਾਂਦਾ ‘ਮਾਸਟਰ’ ਦਾ ਸੰਖੇਪ ਰੂਪ