ਉੱਚੀ ਨੀਵੀਂ ਪਹਾੜੀ ਸੜਕ, ਚੁਪਾਸੇ ਬਰਫ਼ ਲੱਦੇ ਸਦਾਬਹਾਰ ਰੁੱਖਾਂ ਵਿਚ ਦਸੰਬਰ ਦੀ ਗਹਿਰਾ ਰਹੀ ਸ਼ਾਮ। ਪਿਕਨਿਕ ਲਈ ਨਿਊ ਯਾਰਕ ਦੇ ‘ਹਾਈਵੇ 87’ ਦਾ ਇਹ ਇਲਾਕਾ ਭਾਵੇਂ ਵਧੀਆ ਹੋਵੇ ਪਰ ਗੱਡੀ ਖਰਾਬ ਹੋਣ ਲਈ ਇਹ ਥਾਂ ਹਰਗਿਜ਼ ਸਹੀ ਨਹੀ, ਉਹ ਵੀ ਜਦ ਮੌਸਮ ਖਰਾਬ ਹੋਵੇ।

ਮੋਬਾਈਲ ਦਾ ਸਿਗਨਲ ਗੁੱਲ ਤੇ ਦੂਰ ਤੱਕ ਕੋਈ ਦੀਵਾ ਬੱਤੀ ਨਜ਼ਰ ਨਾ ਆਵੇ। ਕੁੱਲ ਮਿਲਾ ਕੇ ਹਾਲਤ ਇਹ ਕਿ ਮਦਦ ਮੰਗੀ ਨਹੀਂ ਜਾ ਸਕਦੀ ਬਸ ਮਦਦ ਮਿਲਣ ਦਾ ਇੰਤਜ਼ਾਰ ਹੀ ਕੀਤਾ ਜਾ ਸਕਦਾ ਹੈ। ਆਮ ਤੌਰ ਤੇ ਸੋਹਣਾ ਦਿਸਦਾ ਇਲਾਕਾ ਅੱਜ ਕੁਝ ਖੌਫ਼ਜ਼ਦਾ ਕਰ ਰਿਹਾ ਹੈ।

ਆਦਮ ਬਸਤੀ ਅਦਿਸ

ਹਨੇਰੀ ਚੁੱਪ ਵਿਚ ਡੁੱਬੀ

ਬਰਫ਼ੰਬਿਆਂ ਦੀ ਰੌਣਕ

ਹਾਈਵੇ ਪੁਲਿਸ ਨੇ ਕਾਰ ਨੇੜਲੇ ਕਸਬੇ ‘ਚ ਪਹੁੰਚਾ ਦਿੱਤੀ। ਹਾਈਵੇ ਤੋਂ ਅੱਠ-ਦਸ ਕੁ ਮੀਲ ਹਟਵਾਂ ਪਿੰਡ ਹਨੇਰੇ ਪਹਾੜਾਂ ਦੇ ਪੈਰਾਂ ‘ਚ ਰੱਖੇ ਸਨੋ-ਗਲੋਬ ਵਰਗਾ ਲੱਗ ਰਿਹਾ ਹੈ। ਮਕੈਨਿਕ ਗੱਡੀ ਬਣਾਉਣ ਲੱਗ ਪਿਆ। ਘਰ ਦੇ ਵਿਚ ਹੀ ਇੱਕ ਪਾਸੇ ਕਾਰਾਂ ਦੀ ਮੁਰੰਮਤ ਕਰਨ ਲਈ ਗੈਰਾਜ ਬਣਾਇਆ ਹੋਇਆ ਹੈ। ‘ਐੱਡ’ਜ਼ ਗੈਰਾਜ’। ਮਕੈਨਿਕ ਦੀ ਗਰਲਫ੍ਰੈਂਡ ਵੀ ਸਾਡੇ ਕੋਲ ਆ ਬੈਠੀ, ਉਸਨੇ ਦੱਸਿਆ ਕਿ ਕਸਬੇ ਵਿਚਲੀ ਇਕਲੌਤੀ ਦੁਕਾਨ ਅਤੇ ਡਾਕਖਾਨਾ ਵੀ ਡਾਕੀਏ ਦੇ ਘਰ ਵਿਚ ਹੀ ਹੈ। ਗਰਮ ਕੌਫ਼ੀ ਦੀਆਂ ਚੁਸਕੀਆਂ ਦੌਰਾਨ, ਗੱਲਾਂ ਵਿਚ ਹੀ ਉਸਨੇ ਪਿੰਡ ਦੀ ਤਰੀਫ ਕਰਦਿਆਂ ਅੱਛੀ ਖ਼ਾਸੀ ਤਸਵੀਰ ਖਿੱਚ ਦਿੱਤੀ। ਲੱਤਾਂ ਸਿੱਧੀਆਂ ਕਰਨ ਲਈ ਕੈਬਿਨ ਤੋਂ ਬਾਹਰ ਨਿਕਲ ਆਈ, ਕਮਾਲ ਦਾ ਨਜ਼ਾਰਾ ਸੀ;

ਜ਼ਮੀਨ ਤੋਂ ਆਸਮਾਨ

ਕੁਦਰਤ ਦਾ ਹੁਸਨ

ਰੱਬ ਮਿਹਰਬਾਨ

ਬਹੁਤ ਥੋੜੇ ਮਹਿਨਤਾਨੇ ਦੇ ਇਵਜ਼ ਵਿਚ ਗੱਡੀ ਬਣ ਕੇ ਤਿਆਰ ਹੋ ਗਈ। ਵਿਦਾ ਲੈ ਕੇ ਬਾਹਰ ਨਿਕਲਦਿਆਂ ਲੱਕੜ ਦੀ ਕੰਧ ਖੁਰਚ ਕੇ ਲਿਖਿਆ ਦੇਖਿਆ ‘ਐੱਡ & ਲੌਰੇਨ 1953’। ਮੇਰੇ ਕੁਝ ਪੁੱਛਣ ਤੋਂ ਪਿਹਲਾਂ ਹੀ ਮਕੈਨਿਕ ਬੋਲ ਉੱਠਿਆ ” ਓ! ਐੱਡ ਸੀਨੀਅਰ, ਮਾਈ ਪੇਰੈਂਟਸ। ਗੌਨ ਨਾਓ। ਇਟ ਵਾਜ਼ ਹਿਜ਼ ਪਲੇਸ ਵਅੱਨਸ।“ (“ਓ! ਐੱਡ ਸੀਨੀਅਰ ਮੇਰੇ ਮਾਪੇ। ਤੁਰ ਗਏ। ਕਿਸੇ ਵੇਲੇ ਇਹ ਉਸਦੀ ਥਾਂ ਸੀ।”)

ਰਹਿਗੇ ਦਿਲ ਖੁਣੇ

ਰੁੱਖਾਂ ਦੇ ਤਣਿਆਂ ਤੇ

ਘਾੜੇ ਚਲੇ ਗਏ

chiseled hearts still

onto tree trunks

carvers foregone

ਤਿਸਜੋਤ