ਅਸੀਂ ਚਾਰ ਦੋਸਤ ਕਾਰ ‘ਤੇ ਸਵਾਰ ਪਿੰਡ ਦੇ ਵਿਹੜੇ ਦੇ ਕੱਚੇ ਰਾਹ ਤੋਂ ਲੰਘ ਰਹੇ ਸਾਂ । ਬੱਚੇ  ਰੇਤੇ ਦੀਆਂ ਢੇਰੀਆਂ ਬਣਾ ਬਣਾ ਖੇਡ ਰਹੇ ਸਨ । ਜਿਉਂ ਹੀ ਅਸੀਂ ਕੋਲ ਦੀ ਲੰਘੇ ਤਾਂ ਉਹਨਾਂ ਨੇ ਸਾਰਾ ਰੇਤਾ ਬੁੱਕ ਭਰ ਭਰ ਖੁੱਲ੍ਹੇ ਸ਼ੀਸ਼ਿਆਂ ਵਿਚ ਦੀ ਸਾਡੇ ਉਪਰ ਪਾ ਦਿੱਤਾ । ਰੇਤੇ ਨਾਲ ਸਾਡੇ ਮੂੰਹ ਸਿਰ ਭਰ ਗਏ । ਇਕਦਮ ਅਸੀਂ ਡੌਰ-ਭੌਰ ਹੋ ਗਏ… ਅੱਗ ਬਬੂਲੇ । ਪਰ ਅਗਲੇ ਹੀ ਪਲ ਠੰਡੇ ਸ਼ਾਂਤ … ਸੋਚਣ ਲੱਗੇ ਇਹਨਾ ਦਾ ਦੋਸ਼ ਨਹੀਂ … ਜੇ ਇਹਨਾ ਦੇ ਚੜ੍ਹਨ ਲਈ ਕਾਰ ਨਹੀਂ ਤਾਂ ਰੇਤੇ ਰਾਹੀਂ ਤਾਂ ਚੜ੍ਹ ਹੀ ਸਕਦੇ ਨੇ …

                                         ਹਸਰਤ ਦੀ ਅੱਗ

                                         ਰੇਤਾ ਪਾ ਬੁਝਾਉਣ

                                         ਖੇਡਦੇ ਨੰਗ ਧੜੰਗੇ ਬੱਚੇ   

                                                                       ਗੁਰਲਾਭ ਸਿੰਘ ਸਰਾਂ