ਬਚਿੱਤਰ ਸਿੰਘ ਹੋਰਾਂ ਨੇ ਕਾਫੀ ਦਿਨ ਹੋਏ ਨਿਮਨ ਲਿਖਤ ਪ੍ਰਸ਼ਨ ਕੀਤਾ ਸੀ:

ਥੋੜਾ ਜਿਹਾ ਹਾਇਕੂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ…ਤੁਸੀਂ ਦੱਸਿਆ… ਹਾਇਕੂ ਸਿਰਫ 17 ਧੁਨੀ-ਖੰਡਾਂ ਵਿਚ ਲਿਖੀ ਹੋਈ ਕਵਿਤਾ ਹੁੰਦੀ ਹੈ ਜਿਸ ਨੂੰ ੫-੭-੫ ਕਰਕੇ ਤਿੰਨ ਪੰਕਤੀਆਂ ਵਿਚ ਵੰਡਿਆ ਹੁੰਦਾ ਹੈ। ਕੀ ਇਹ ਪੱਕਾ ਰੂਲ ਹੈ? ਜਾਂ ਫਿਰ ਅਸੀਂ ਪੰਜਾਬੀ ਵਿਚ ਹਾਇਕੂ ਨੂੰ ਅਪਣੇ ਅਨੁਸਾਰ ਢਾਲ਼ ਲਿਆ ਹੈ…..ਪਰ ਮੇਰਾ ਵਿਚਾਰ ਹੈ ਕਿ ਉਹ ਅਡੌਪਸ਼ਨ ਵੀ ਕਿਸੇ ਹੱਦ ਤੱਕ ਰੂਲ ਵਿਚ ਹੀ ਹੋਵੇਗੀ…

ਜਾਪਾਨੀ ਭਾਸ਼ਾ: 5-7-5 ਦਾ ਨਿਯਮ ਪਰੰਪਰਾਗਤ ਜਾਪਾਨੀ ਹਾਇਕੂ ਉੱਤੇ ਵਧੇਰੇ ਲਾਗੂ ਹੁੰਦਾ ਹੈ। ਅੱਜ ਕੱਲ੍ਹ ਜਾਪਾਨ ਵਿਚ ਬਹੁਤੇ ਹਾਇਕੂ ਲੇਖਕ ਇਸ ਨਿਯਮ ਦੀ ਪੂਰੀ ਪਾਲਣਾ ਨਹੀਂ ਕਰਦੇ ਅਤੇ ਕੁਝ ਲੇਖਕ ਹੀ ਇਸ ਧਾਰਨਾ ਦੇ ਪੂਰਕ ਹਨ। ਪਰ ਇਸ ਨਿਯਮ ਨੂੰ ਸਮਝਣ ਦੀ ਬਹੁਤ ਲੋੜ ਹੈ ਕਿਉਂਕਿ ਹੋਰ ਭਾਸ਼ਾਵਾਂ ਦੇ ਵਿਦਵਾਨਾਂ ਨੇ ਇਸ ਵਿਸ਼ੇ ‘ਤੇ ਕਾਫੀ ਟਪਲ਼ੇ ਖਾਧੇ ਹਨ।

ਪੰਜ ਤੇ ਸੱਤ ਓਂਜੀ ਦੀ ਲੰਬਾਈ ਵਾਲ਼ੀਆਂ ਤਾਲਬੱਧ ਟੁਕੜੀਆਂ (rhythmic units) ਜਾਪਾਨੀ ਭਾਸ਼ਾ ਵਿਚ ਚਿਰਾਂ ਤੋਂ ਪਰਵਾਨਤ ਹਨ ਸਮੁੱਚਾ ਪੁਰਾਤਨ ਜਾਪਾਨੀ ਕਾਵਿ ਇਸ ਤਰਾਂ ਦੀਆਂ ਤਾਲਬੱਧ ਟੁਕੜੀਆਂ ਵਿਚ ਲਿਖਿਆ ਜਾਂਦਾ ਸੀ ਇਥੋਂ ਤਕ ਕਿ ਨਾਹਰੇ, ਵਿਗਿਆਪਨ, ਸੁਰਖੀਆਂ, ਅਖਾਣ ਆਦਿ ਲਈ ਵੀ ਇਹੋ ਵਿਧੀ ਵਰਤੀ ਜਾਂਦੀ ਰਹੀ ਹੈ

ਆਮ ਵਿਚਾਰ ਹੈ ਕਿ ਜਾਪਾਨੀ ਹਾਇਕੂ ਤਿੰਨ ਪੰਕਤੀਆਂ ਵਿਚ ਲਿਖੀ ਜਾਂਦੀ ਹੈ ਪਰ ਵਾਸਤਵ ਵਿਚ ਹਾਇਕੂ ਇਕ ਖੜੀ ਪੰਕਤੀ ਵਿਚ ਹੀ ਲਿਖੇ ਜਾਂਦੇ ਹਨ ਅਤੇ ਜਾਪਾਨੀ ਪਾਠਕ ਇਸ ਵਿਚਲੀਆਂ ਤਿੰਨ ਤਾਲਬੱਧ ਟੁਕੜੀਆਂ ਨੂੰ ਪਹਿਚਾਣ ਲੈਂਦਾ ਹੈ ਜਾਪਾਨੀ ਭਾਸ਼ਾ ਵਿਚ ਜਾਂ ਤਾਂ ਸਿਰਫ vowel ਧੁਨਿਆ ਹਨ ਜਾਂ ਹਰ consonant ਦੇ ਨਾਲ vowel ਜੁੜਿਆ ਹੋਇਆ ਹੈਸਿਰਫ n ਹੀ ਇਕ ਇਕੱਲਾ consonant ਹੈਇਸ ਤਰਾਂ ਜਾਪਾਨੀ ਧੁਨੀ ਪੰਜਾਬੀ ਦੇ ਮੁਕਤਾ ਅੱਖਰ ਨਾਲੋਂ ਲੰਮੀ ਹੈ ਅਤੇ ਪਿੰਗਲ ਦੀ ਬੋਲੀ ਵਿਚ ਗੁਰੂ ਦੇ ਬਰਾਬਰ ਹੈ। ਗੁਰੂ ਧੁਨੀਂ ਲਘੂ ਧੁਨੀਂ ਨਾਲੋਂ ਦੁੱਗਣੀ ਮੰਨੀ ਜਾਂਦੀ ਹੈ ਜਿਵੇਂ ਸ਼ਬਦ ਕਰ ਵਿਚ ਕ ਲਘੂ ਹੈ ਪਰ ਸ਼ਬਦ ਕਾਰ ਵਿਚ ਕਾ ਗੁਰੂ ਹੈਪੰਜਾਬੀ ਵਰਣਮਾਲਾ ਦੇ ਸਭ ਮੁਕਤਾ ਅੱਖਰ ਲਘੂ ਹਨਇਸ ਲਈ ਆਮ ਜਾਪਾਨੀ ਧੁਨੀ ਪੰਜਾਬੀ ਦੇ ਮੁਕਤਾ ਅੱਖਰ ਨਾਲੋਂ ਲਮੇਰੀ ਅਤੇ ਵੱਧ ਜਾਣਕਾਰੀ ਭਰਪੂਰ ਹੋ ਸਕਦੀ ਹੈ

ਅੰਗਰੇਜ਼ੀ ਭਾਸ਼ਾ: ਮੁਢਲੇ ਅੰਗਰੇਜ਼ੀ ਅਨੁਵਾਦਕਾਂ ਨੇ ਜਾਪਾਨੀ ਧੁਨੀ ਚਿੰਨ੍ਹਾਂ (sound symbols) ਜਾਂ ਧੁਨੀ ਟੁਕੜੀਆਂ (sound units), ਜਿਨ੍ਹਾਂ ਨੂੰ ਜਾਪਾਨੀ ਵਿਚ ਓਂਜੀ (onji) ਕਿਹਾ ਜਾਂਦਾ ਹੈ, ਦੀ ਅੰਗਰੇਜ਼ੀ ਧੁਨੀ ਖੰਡਾਂ (syllables) ਨਾਲ਼ ਤੁਲਨਾ ਕੀਤੀ ਜੋ ਸਹੀ ਨਹੀਂ ਸੀ ਕਿਉਂਕਿ ਜਾਪਾਨੀ ਧੁਨੀ ਚਿੰਨ੍ਹ ਅੰਗਰੇਜੀ ਦੇ ਧੁਨੀ ਖੰਡਾਂ ਨਾਲੋਂ ਉਚਾਰਨ ਵੇਲ਼ੇ ਘੱਟ ਸਮਾ ਲੈਂਦੇ ਹਨਜਿਵੇਂ ਸ਼ਬਦ ਹਾਇਕੂ ਹੀ ਲੈ ਲਈਏ ਅੰਗਰੇਜ਼ੀ ਵਿਚ ਇਸ ਦੇ ਦੋ ਧੁਨੀਂ ਖੰਡ ਹਨ ਹਾਇ+ਕੂ ਪਰ ਜਾਪਾਨੀ ਵਿਚ ਤਿੰਨ ਚਿੰਨ੍ਹ ਵਰਤੇ ਜਾਂਦੇ ਹਨ ਹਾ+ਏ+ਕੂ। ਸਾਈਲੇਬਲ ਦਾ ਉਚਾਰਨ ਸਮਾਂ ਓਂਜੀ ਦੇ ਉਚਾਰਨ ਸਮੇ ਨਾਲੋਂ ਵਧੇਰੇ ਲੰਮਾ ਹੁੰਦਾ ਹੈ।  ਇਸ ਤਰਾਂ ਅੰਗਰੇਜ਼ੀ ਵਿਚ ੧੭ ਧੁਨੀਂ ਖੰਡਾ ਵਿਚ ਲਿਖੀ ਹਾਇਕੂ ਜਾਪਾਨੀ ੧੭ ਧੁਨੀ-ਚਿੰਨ੍ਹਾਂ ਵਿਚ ਲਿਖੀ ਹਾਇਕੂ ਨਾਲ਼ੋਂ ਉਚਾਰ ਸਮੇਂ ਵਿਚ ਲਮੇਰੀ ਅਤੇ ਵੱਧ ਜਾਣਕਾਰੀ ਭਰਪੂਰ ਹੁੰਦੀ ਹੈ। ਇਸ ਲਈ ਬਹੁਤੇ ਅੰਗਰੇਜ਼ੀ ਕਵੀ, ਖਾਸ ਕਰਕੇ ਅਮਰੀਕਨ ਕਵੀ, ਇਸ ਨਿਯਮ ਦੀ ਪਾਲਣਾ ਨਹੀਂ ਕਰਦੇ ਸਗੋਂ ਘੱਟ ਤੋਂ ਘੱਟ ਸ਼ਬਦਾਂ ਦੀ ਵਰਤੋਂ ਕਰਨ ਨੂੰ ਹੀ ਜਰੂਰੀ ਸਮਝਦੇ ਹਨ। ਉਹ ਅਖਰਾਂ ਦੀ ਗਿਣਤੀ ਵਿਚ ਉਲਝਣ ਦੀ ਥਾਂ ਵਿਸ਼ੇ-ਵਸਤੂ ਨੂੰ ਵੱਧ ਅਹਿਮੀਅਤ ਦਿੰਦੇ ਹਨ। ਉਨ੍ਹਾਂ ਨੇ ਹਾਇਕੂ ਨੂੰ 7 (stresses) ਜਾਂ (accented beats) ਵਿਚ ਜਾਂ ਫਿਰ ੧੦-੧੨ ਸਾਈਲੇਬਲਜ਼ ਵਿਚ ਲਿਖਣਾ ਸ਼ੁਰੂ ਕਰ ਦਿੱਤਾ ਹੈ

“Haiku is about perception, not counting syllables on fingers”

ਪੰਜਾਬੀ ਭਾਸ਼ਾ: ਹਿੰਦੀ ਵਿਚ ਕੁਝ ਹਾਇਕੂ ਲੇਖਕ ੳਂਜੀ ਨੂੰ ਅੱਖਰ ਦੇ ਬਰਾਬਰ ਮੰਨ ਕੇ ੫-੭-੫ ਅੱਖਰਾਂ ਵਿਚ ਹਾਇਕੂ ਦੀ ਰਚਨਾ ਕਰ ਰਹੇ ਹਨ। ਪਰ ੫-੭-੫ ਅੱਖਰਾਂ ਵਿਚ ਕਹੀ ਗੱਲ ਬਹੁਤ ਹੀ ਸੰਖਿਪਤ ਹੁੰਦੀ ਹੈ ਅਤੇ ਹਾਇਕੂ ਦਾ ਗਲ਼ ਘੁੱਟਿਆ ਲਗਦਾ ਹੈ। ਪੰਜਾਬੀ ਵਿਚ ਹਾਇਕੂ ਨੂੰ ਜਾਪਾਨੀ, ਅੰਗਰੇਜ਼ੀ ਜਾਂ ਹਿੰਦੀ ਵਿਚ ਲਿਖੀ ਜਾ ਰਹੀ ਹਾਇਕੂ ਦੀ ਨਕਲ ਕਰਨ ਦੀ ਲੋੜ ਨਹੀਂ ਸਗੋਂ ਲੋੜ ਹੈ ਕਿ ਹਾਇਕੂ ਦੀ ਸੰਵੇਦਨਾ ਨੂੰ ਕਾਇਮ ਰੱਖਦੇ ਹੋਏ ਘੱਟ ਤੋਂ ਘੱਟ ਸ਼ਬਦਾਂ ਦੀ ਵਰਤੋਂ ਕੀਤੀ ਜਾਵੇ। ਜੇ ਹਾਇਕੂ ਨੂੰ ਪਿੰਗਲ ਦੀ ਵਿਧਾ ਅਨੁਸਾਰ ਮਾਤਰਾਵਾਂ ਨਾਲ਼ ਤੋਲਿਆ ਜਾਵੇ ਤਾਂ ੧੦-੧੪-੧੦ ਦੀ ਗਿਣਤੀ ਬਣਦੀ ਹੈ ਜੋ ਮੁਕਤਾ ਅੱਖਰਾਂ ਨਾਲੋ ਬਹੁਤ ਲੰਮੇਰੀ ਹੈ। ਪਰ ਮੇਰਾ ਵਿਚਾਰ ਹੈ ਕਿ ਸਾਨੂੰ ਗਿਣਤੀ ਦੇ ਬਾਰੀਕ ਚੱਕਰਾਂ ਵਿਚ ਪੈਣ ਦੀ ਲੋੜ ਨਹੀਂ ਸਗੋਂ ਘੱਟ ਤੋਂ ਘੱਟ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਹਾਇਕੂ ਦੇ ਹੋਰ ਅਹਿਮੀਅਤ ਵਾਲ਼ੇ ਗੁਣਾ ਵੱਲ ਧਿਆਨ ਦੇਣਾ ਚਾਹੀਦਾ ਹੈ।
ਹਾਇਕੂ ਕਵਿਤਾ ਅਤੇ ਇਸ ਦਾ ੫-੭-੫ ਦਾ ਰੂਪ ਸਮਾਨਾਰਥੀ ਨਹੀਂ ਹਨ੫-੭-੫ ਦਾ ਵਿਧਾਨ ਤਾਂ ਇਕ ਭਾਂਡਾ ਹੈ ਜਿਸ ਵਿਚ ਹਰ ਪੈਣ ਵਾਲ਼ੀ ਚੀਜ਼ ਹਾਇਕੂ ਨਹੀਂ ਹੁੰਦੀ। ਅੱਖਰਾਂ ਦੀ ਗਿਣਤੀ ਨੂੰ ਹੀ ਹਾਇਕੂ ਸਮਝਣਾ ਹਾਇਕੂ ਦੀ ਮੂ਼ਲ ਧਾਰਨਾ ਅਤੇ ਸੰਵੇਦਨਾ ਨੂੰ ਅਖੋਂ ਓਹਲੇ ਕਰਨਾ ਹੈ ਕਿਉਂਕਿ ਹਾਇਕੂ ਇਕ ਕਾਵਿਕ ਰੂਪ ਹੀ ਨਹੀਂ ਸਗੋਂ ਸ਼੍ਰਿਸ਼ਟੀ ਨੂੰ ਵੇਖਣ ਵਾਲ਼ੀ ਵਿਸ਼ੇਸ਼ ਦ੍ਰਿਸ਼ਟੀ ਵੀ ਹੈ।