ਦੋਹਾਂ ਮੁਲਕਾਂ ਵਿਚ ਜੰਗ ਦੇ ਨਾਹਰੇ ਬੁਲੰਦ ਹਨ। ਕਸ਼ਮੀਰ ਵਿਚ ਫਿਰ ਲੜਾਈ ਲੱਗਣ ਦੇ ਆਸਾਰ ਨਜ਼ਰ ਆ ਰਹੇ ਹਨ। ਦੋਹੀਂ ਪਾਸੀਂ ਫੌਜਾਂ ਨੇ ਮੋਰਚੇ ਸੰਭਾਲ਼ ਲਏ ਹਨ। ਡੂੰਘੇ ਪੱਟੇ, ਭਾਰੀ ਕੰਨਕਰੀਟ ਨਾਲ਼ ਢਕੇ ਔਪਰੇਸ਼ਨ ਰੂਮ ਵਿਚ ਲੱਗੇ ਨਕਸ਼ਿਆਂ ‘ਤੇ ਦੋਹੀਂ ਪਾਸੀਂ ਲੱਗੀ ਫੌਜ ਦੀ ਮੋਰਚਾਬੰਦੀ ਦਿਖਾਈ ਗਈ ਹੈ। ਜੇ ਇਕ ਪਾਸੇ ਬਲੋਚ ਰੈਜੀਮੈਂਟ ਹੈ ਤਾਂ ਦੂਜੇ ਪਾਸੇ ਰਾਜਪੂਤ ਰੈਜੀਮੈਂਟ ਹੈ। ਜੇ ਇਕ ਚੋਟੀ ਮਰਾਠੇ ਹਨ ਤਾਂ ਦੂਜੀ ਚੋਟੀ ਪਠਾਨ ਹਨ। ਜੇ ਲਹਿੰਦੇ ਸਿੰਧੀ ਜੁਟੇ ਹਨ ਤਾਂ ਚੜ੍ਹਦੇ ਬਿਹਾਰੀ ਡਟੇ ਹਨ।

ਹਿੰਦ ਪਾਕ ਸਰਹੱਦ

ਦੋਹੀਂ ਪਾਸੀਂ ਫੌਜੀ

ਇਕੋ ਜਿੰਨੇ ਕੱਦ

ਪੂਰੇ ਨਕਸ਼ੇ ‘ਤੇ ਦਰਸਾਈ ਮੋਰਚਾਬੰਦੀ ਦੀ ਨਜ਼ਰਸਾਨੀ ਕੀਤਿਆਂ ਲੱਗਦਾ ਹੈ:

ਕਬਜੇ ਦੀ ਹੈ ਮੀਰੀ

ਦੋਹੀਂ ਪਾਸੀਂ ਫੌਜੀ

ਇਕ ਵੀ ਨਾ ਕਸ਼ਮੀਰੀ