1948 ਵਿਚ ਕਸ਼ਮੀਰ ਨੂੰ ਭਾਰਤ ਅਤੇ ਪਾਕਿਸਤਾਨ ਨੇ ਲੜਕੇ ਦੋ ਹਿੱਸਿਆਂ ਵਿਚ ਵੰਡ ਲਿਆ ਅਤੇ ਇਸ ਵੰਡ ਦੀ ਰੇਖਾ ਨੂੰ ਅੱਜ ਕੱਲ੍ਹ ਐਲ. ਓ. ਸੀ. (ਲਾਈਨ ਆਫ ਕੰਟਰੋਲ) ਭਾਵ ਕਬਜੇ ਵਾਲ਼ੀ ਲੀਕ ਕਿਹਾ ਜਾਂਦਾ ਹੈ। ਜਦੋਂ ਵੀ ਦੋਹਾਂ ਦੇਸ਼ਾਂ ਦੀ ਲੜਾਈ ਲੱਗੀ ਜਾਂ ਲੜਾਈ ਲੱਗਣ ਵਾਲ਼ੇ ਆਸਾਰ ਬਣੇ ਦੋਹੀਂ ਪਾਸੀਂ ਫੌਜਾਂ ਨੇ ਆਪੋ ਅਪਣੀਆਂ ਪੋਸਟਾਂ ਅੱਗੇ ਸੁਰੰਗਾਂ ਲਾ ਲਈਆਂ ਅਤੇ ਇਹ ਘੇਰਾ ਲਗਾਤਾਰ ਵਧਦਾ ਗਿਆ। ਬੇਸ਼ੱਕ ਲੜਾਈ ਬੰਦ ਹੋ ਹੋ ਗਈ ਜਾਂ ਲੜਾਈ ਲੱਗਣ ਦਾ ਖਤਰਾ ਟਲ਼ ਗਿਆ ਪਰ ਅਜ ਤੀਕ ਇਹ ਲਾਈਆਂ ਗਈਆਂ ਸੁਰੰਗਾਂ ਕਿਸੇ ਨਹੀਂ ਹਟਾਈਆਂ।

ਇਲਾਕਾ ਪਹਾੜੀ ਅਤੇ ਉੱਚਾ ਨੀਵਾਂ ਹੋਣ ਕਰਕੇ ਲੜਾਈ ਵਿਚ ਟੈਂਕਾਂ ਦੀ ਵਰਤੋਂ ਬਹੁਤ ਘੱਟ ਹੋ ਸਕਦੀ ਹੈ ਇਸ ਲਈ ਬਹੁਤੀਆਂ ਆਦਮ-ਵਿਰੋਧੀ( ਐਂਟੀਪਰਸਨਲ) ਸੁਰੰਗਾ ਹੀ ਵਿਛਾਈਆਂ। ਆਦਮ-ਵਿਰੋਧੀ ਸੁਰੰਗ, ਇਕ ਛੋਟੀ ਡੱਬੀ ਦੇ ਆਕਾਰ ਦੀ, ਬਹੁਤ ਹੀ ਪੇਤਲ਼ੀ ਦੱਬੀ ਜਾਂਦੀ ਹੈ ਤਾਂ ਜੋ ਪੈਰ ਦਾ ਭਾਰ ਪੈਣ ‘ਤੇ ਫਟ ਜਾਵੇ।

ਵਕਤ ਨਾਲ਼, ਬਾਰਿਸ਼ਾਂ ਨਾਲ਼ ਜਾਂ ਮਿੱਟੀ ਰੁੜ੍ਹ ਜਾਣ ਕਰਕੇ ਸੁਰੰਗਾਂ ਖਿਸਕ ਕੇ ਰਾਹਾਂ ਉੱਤੇ, ਪਗਡੰਡੀਆਂ ਉੱਤੇ, ਖੇਤਾਂ ਵਿਚ, ਨਦੀ ਅਤੇ ਨਾਲ਼ਿਆਂ ਵਿਚ ਆ ਜਾਦੀਆਂ ਹਨ ਜਿੱਥੇ ਕੰਮ ਕਰੇਂਦੇ, ਆਉਂਦੇ ਜਾਂਦੇ ਲੋਕ, ਭੋਲ਼ੇ ਭਾਲ਼ੇ ਬੱਚੇ, ਡੰਗਰ ਚਾਰਦੇ ਪਾਲ਼ੀ, ਪਸ਼ੂ, ਬੱਕਰੀਆਂ, ਭੇਡਾਂ ਸਭ ਇਨ੍ਹਾਂ ਦਾ ਹੋਣ ਸ਼ਿਕਾਰ।

ਘਰ ਨੂੰ ਜਾਂਦੀ ਪੈੜ

ਤਾਜ਼ੀ ਡਿੱਗੀ ਬਰਫ ‘ਤੇ

ਇਕ ਫੌੜ੍ਹੀ ਇਕ ਪੈਰ